ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨੌਕਰੀ ਲਈ ਇੰਟਰਵਿਊ ਦੇਣ ਗਈ 21 ਸਾਲ ਦੀ ਕੁੜੀ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ। ਇਕ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਕੁੜੀ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਣਪਛਾਤੇ ਮੁਲਜ਼ਮਾਂ ਨੇ ਉਸ ਨੂੰ ਅਗਵਾ ਕਰਕੇ ਨਾਜਾਇਜ਼ ਹਿਰਾਸਤ 'ਚ ਰੱਖਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।

ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ 26 ਫਰਵਰੀ ਨੂੰ ਲੜਕੀ ਸਵੇਰੇ 11 ਵਜੇ ਦੇ ਕਰੀਬ ਫਿਰੋਜ਼ ਗਾਂਧੀ ਮਾਰਕੀਟ ਦੀ ਇਕ ਕੰਪਨੀ ਵਿਚ ਨੌਕਰੀ ਸਬੰਧੀ ਇੰਟਰਵਿਊ ਦੇਣ ਗਈ ਸੀ। ਸ਼ਾਮ ਤਕ ਵੀ ਜਦੋਂ ਲੜਕੀ ਘਰ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤਲਾਸ਼ਣਾ ਸ਼ੁਰੂ ਕੀਤਾ। ਇਕ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਲੜਕੀ ਸਬੰਧੀ ਕੋਈ ਜਾਣਕਾਰੀ ਨਾ ਮਿਲੀ। ਇਸ ਮਾਮਲੇ 'ਚ ਜਾਂਚ ਅਧਿਕਾਰੀ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਫਿਰੋਜ਼ ਗਾਂਧੀ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਕੇਸ ਦੀ ਪੜਤਾਲ ਕਰ ਰਹੀ ਹੈ। ਪੁਲਿਸ ਉਨ੍ਹਾਂ ਵਿਅਕਤੀਆਂ ਕੋਲੋਂ ਵੀ ਪੁੱਛਗਿੱਛ ਕਰੇਗੀ ਜਿਨ੍ਹਾਂ ਨਾਲ ਕੁੜੀ ਦੀ ਆਖ਼ਰੀ ਵਾਰ ਮੋਬਾਇਲ ਫੋਨ 'ਤੇ ਗੱਲ ਹੋਈ।

Posted By: Amita Verma