ਸਤਵਿੰਦਰ ਸ਼ਰਮਾ, ਲੁਧਿਆਣਾ

ਨਗਰ ਨਿਗਮ ਦੀ ਹੱਦ ਅੰਦਰ ਆਉਂਦੇ ਇਲਾਕਿਆਂ ਵਿਚ ਬਿਨਾਂ ਮਨਜ਼ੂਰੀ ਖੇਤੀਬਾੜੀ ਵਾਲੀਆਂ ਜ਼ਮੀਨਾਂ 'ਤੇ ਉਨਤ ਕੀਤੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਬਿਲਡਿੰਗ ਬ੍ਾਂਚ ਨੇ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਐੱਮਟੀਪੀ ਸੁਰਿੰਦਰ ਸਿੰਘ ਬਿੰਦਰਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਾਰਵਾਈ ਦੀ ਮੁਹਿੰਮ ਵਿੱਢੀ ਹੈ ਜਿਸ ਦੀ ਸ਼ੁਰੂਆਤ ਨਗਰ ਨਿਗਮ ਜ਼ੋਨ ਸੀ ਦੇ ਏਟੀਪੀ ਸਤੀਸ਼ ਮਲਹੋਤਰਾ ਨੇ ਢੰਡਾਰੀ ਲੁਹਾਰਾ ਰੋਡ ਤੋਂ ਕੀਤੀ। ਇਸ ਦੌਰਾਨ ਏਟੀਪੀ ਮਲਹੋਤਰਾ ਨੇ ਬਿਲਡਿੰਗ ਇੰਸਪੈਕਟਰ ਗੁਰਵਿੰਦਰਪਾਲ ਸਿੰਘ ਲੱਕੀ, ਇੰਸਪੈਕਟਰ ਸ਼ਵਿੰਦਰ ਕੌਰ, ਇੰਸਪੈਕਟਰ ਕਸ਼ਿਸ਼ ਗਰਗ, ਬਿਲਡਿੰਗ ਬ੍ਾਂਚ ਦਾ ਸਮੂਹ ਸਟਾਫ, ਪੁਲਿਸ ਅਤੇ ਜੇਸੀਬੀ ਲੈਕੇ ਲੁਹਾਰਾ ਢੰਡਾਰੀ ਰੋਡ ਅਤੇ ਲੁਹਾਰਾ ਜਸਪਾਲ ਬਾਂਗਰ ਰੋਡ 'ਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ 'ਤੇ ਬਿਨਾਂ ਮਨਜ਼ੂਰੀ ਉਨਤ ਕੀਤੀਆਂ ਜਾ ਰਹੀਆਂ ਅੱਧਾ ਦਰਜਨ ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਕੀਤੀ। ਇਸ ਦੌਰਾਨ ਨਾਜਾਇਜ਼ ਕਾਲੋਨੀਆਂ ਉਨਤ ਕਰਨ ਵਾਲਿਆਂ ਨੇ ਏਟੀਪੀ ਸਮੇਤ ਟੀਮ ਦੇ ਮੈਂਬਰਾਂ 'ਤੇ ਕਈ ਤਰ੍ਹਾਂ ਦੇ ਦਬਾਅ ਬਣਾਉਂਦੇ ਹੋਏ ਕਾਰਵਾਈ ਨੂੰ ਰੋਕਣ ਦਾ ਯਤਨ ਕੀਤਾ, ਪਰ ਕਾਰਵਾਈ ਲਈ ਗਈ ਜ਼ੋਨ ਸੀ ਦੀ ਟੀਮ ਨੇ ਆਪਣੀ ਕਾਰਵਾਈ ਨਿਰੰਤਰ ਜਾਰੀ ਰੱਖੀ ਤੇ ਉਨ੍ਹਾਂ ਲੁਹਾਰਾ ਸਥਿਤ ਸਤਿਸੰਗ ਘਰ ਦੇ ਨਜ਼ਦੀਕ ਅਤੇ ਲੁਹਾਰਾ ਢੰਡਾਰੀ ਰੋਡ 'ਤੇ ਬਿਨਾਂ ਨਗਰ ਨਿਗਮ ਦੀ ਮਨਜ਼ੂਰੀ ਉਨਤ ਕੀਤੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਦੀਆਂ ਪਾਣੀ, ਸੀਵਰੇਜ ਦੀਆਂ ਲਾਈਨਾਂ, ਬਿਜਲੀ ਦੇ ਖੰਭੇ, ਗਲੀਆਂ, ਸੜਕਾਂ ਅਤੇ ਨਾਜਾਇਜ਼ ਕਾਲੋਨੀਆਂ ਵਿਚ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਢਹਿ ਢੇਰੀ ਕਰ ਦਿੱਤਾ।

ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਜ਼ੋਨ ਸੀ ਦੀ ਬਿਲਡਿੰਗ ਬ੍ਾਂਚ ਦੇ ਏਟੀਪੀ ਸਤੀਸ਼ ਮਲਹੋਤਰਾ ਨੇ ਦੱਸਿਆ ਉਨ੍ਹਾਂ ਨੂੰ ਲੁਹਾਰਾ ਅਤੇ ਢੰਡਾਰੀ ਦੇ ਇਲਾਕਿਆਂ ਉਨਤ ਕੀਤੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਦੀ ਜਾਣਕਾਰੀ ਮਿਲੀ ਸੀ ਜਿਸ ਬਾਰੇ ਉਨ੍ਹਾਂ ਉੱਚ ਅਫਸਰਾਂ ਨੂੰ ਜਾਣੂ ਕਰਵਾਇਆ। ਏਟੀਪੀ ਮਲਹੋਤਰਾ ਨੇ ਦੱਸਿਆ ਕਿ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਐੱਮਟੀਪੀ ਸੁਰਿੰਦਰ ਸਿੰਘ ਬਿੰਦਰਾ ਵੱਲੋਂ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਟੀਮ ਨੂੰ ਨਾਲ ਲੈ ਕੇ ਅੱਧਾ ਦਰਜਨ ਕਾਲੋਨੀਆਂ ਨੂੰ ਢਹਿ ਢੇਰੀ ਕੀਤਾ ਅਤੇ ਕਾਲੋਨੀਆਂ ਵਾਲਿਆਂ ਨੂੰ ਨਗਰ ਨਿਗਮ ਦੀ ਪ੍ਰਵਾਨਗੀ ਤਕ ਕੰਮ ਬੰਦ ਕਰਨ ਦੇ ਨਿਰਦੇਸ਼ ਦਿੱਤੇ ਤੇ ਏਟੀਪੀ ਨੇ ਦੱਸਿਆ ਕਿ ਜੇਕਰ ਬਿਨਾਂ ਨਗਰ ਨਿਗਮ ਦੀ ਪ੍ਰਵਾਨਗੀ ਕਿਸੇ ਵੀ ਨਾਜਾਇਜ਼ ਕਾਲੋਨੀ ਵਿਚ ਕੰਮ ਸ਼ੁਰੂ ਹੋਇਆ ਕਾਲੋਨੀ ਉਨਤ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।