ਦਿਲਸ਼ੇਰ, ਲੁਧਿਆਣਾ : ਮੰਗਲਵਾਰ ਨੂੰ ਕੋਰੋਨਾ ਵਾਇਰਸ ਕਾਰਨ ਲੁਧਿਆਣਾ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫ਼ੌਜੀ ਮੁਹੱਲਾ ਨਿਵਾਸੀ ਬਜ਼ੁਰਗ ਨੂੰ ਸਾਹ ਲੈਣ 'ਚ ਦਿੱਕਤ ਆਉਣ 'ਤੇ ਬੀਤੀ 28 ਮਈ ਨੂੰ ਮੋਹਨਦੇਈ ਓਸਵਾਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦਾ ਕੋਰੋਨਾ ਵਾਇਰਸ ਸੰਬੰਧੀ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ 31 ਮਈ ਨੂੰ ਪਾਜ਼ੇਟਿਵ ਆਈ। ਉਹ ਬੀਤੇ 4 ਦਿਨਾਂ ਤੋਂ ਵੈਂਟੀਲੇਟਰ 'ਤੇ ਹੀ ਸੀ ਪਰ ਅੱਜ ਦੁਪਹਿਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਲੁਧਿਆਣਾ ਡਾ. ਰਾਜੇਸ਼ ਬਾਗਾ ਨੇ ਦੱਸਿਆ ਕਿ 85 ਸਾਲਾਂ ਬਜ਼ਰੁਗ ਦੀ ਮੌਤ ਦੁਪਹਿਰ 2 ਵਜੇ ਦੇ ਕਰੀਬ ਹੋਈ। ਬਜ਼ੁਰਗ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਦੱਸ ਦਈਏ ਕਿ ਅੱਜ ਸਿਹਤ ਵਿਭਾਗ ਵੱਲੋਂ ਕੁੱਲ 409 ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ ਅੱਜ 7 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਜਿਸ ਕਾਰਨ ਉਨ੍ਹਾਂ ਨੂੰ ਸਿਹਤਯਾਬ ਹੋਣ ਪਿੱਛੋਂ ਐੱਮਸੀਐੱਚ ਵਰਧਮਾਨ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਿਹਤਯਾਬ ਹੋਏ ਮਰੀਜ਼ਾਂ ਵਿਚੋਂ 6 ਦਯਾ ਬਸਤੀ ਤੋਂ ਆਏ ਆਰਪੀਐੱਫ ਦੇ ਜਵਾਨ ਹਨ ਤੇ ਇਕ ਵਿਅਕਤੀ ਕੇਂਦਰੀ ਜੇਲ੍ਹ ਦਾ ਕੈਦੀ ਹੈ, ਜੋ ਕਿ ਲੁਧਿਆਣਾ ਜ਼ਿਲ੍ਹੇ ਨਾਲ ਹੀ ਸਬੰਧਤ ਹੈ। ਲੁਧਿਆਣਾ 'ਚ ਹੁਣ ਤਕ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 150 ਹੋ ਗਈ ਹੈ, ਜਦਕਿ ਹੁਣ ਤਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 9 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

Posted By: Amita Verma