ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸਥਾਨਕ ਕਸਬੇ 'ਚ ਦੇਰ ਸ਼ਾਮ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਇਕ ਅੌਰਤ ਕੋਲੋਂ 80 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਮਨਜੀਤ ਕੌਰ ਪਤਨੀ ਹਰਪਾਲ ਸਿੰਘ ਵਾਸੀ ਪਿੰਡ ਮੁੱਲਾਂਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੇਕੇ ਪਿੰਡ ਕਿਸ਼ਨਪੁਰਾ (ਤਿਹਾੜਾ) ਵਿਚ ਕਮੇਟੀ ਪਾਈ ਹੋਈ ਸੀ ਤੇ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਣ ਉਹ ਕਮੇਟੀ ਚੁੱਕਣ ਉਪਰੰਤ ਪੈਸੇ ਲੈ ਕੇ ਵਾਪਸ ਮੁੱਲਾਂਪੁਰ ਸ਼ਹਿਰ ਆ ਗਏ। ਜਦੋਂ ਉਹ ਇਕ ਦੁਕਾਨ ਤੋਂ ਸਾਮਾਨ ਖ਼ਰੀਦਣ ਉਪਰੰਤ ਪੈਦਲ ਆਪਣੇ ਪਿੰਡ ਮੁੱਲਾਂਪੁਰ ਨੂੰ ਜਾਣ ਲੱਗੇ ਤਾਂ ਰਾਹ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਨ੍ਹਾਂ ਦੇ ਹੱਥ ਵਿਚ ਫੜਿਆ ਪੈਸਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਲਿਫ਼ਾਫ਼ੇ 'ਚ ਉਨ੍ਹਾਂ ਦਾ ਮੋਬਾਈਲ ਫੋਨ ਵੀ ਸੀ। ਜਦੋਂ ਇਸ ਘਟਨਾ ਸਬੰਧੀ ਥਾਣਾ ਦਾਖਾ ਦੇ ਮੁਖੀ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੌਰਤ ਦੀ ਸ਼ਿਕਾਇਤ ਪ੍ਰਰਾਪਤ ਹੋ ਗਈ ਹੈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

----------