ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਏਟੀਐੱਮ 'ਚੋਂ ਨਕਦੀ ਕਢਵਾ ਕੇ ਕਾਰ ਵਿੱਚ ਬੈਠੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਤਾਮਿਲਨਾਡੂ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਨੇ ਉਸ ਕੋਲੋਂ 75 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਅਤੇ ਨਾਕਾਬੰਦੀ ਦੇ ਦੌਰਾਨ ਗਾਂਧੀਨਗਰ ਤਾਮਿਲਨਾਡੂ ਦੇ ਰਹਿਣ ਵਾਲੇ ਵੈਕਟਸ ਵਰੁਣ ਨੂੰ ਗ੍ਰਿਫ਼ਤਾਰ ਕੀਤਾ।

ਇਸ ਮਾਮਲੇ ਵਿੱਚ ਪੁਲਿਸ ਨੇ ਵਰੁਣ ਸਮੇਤ ਮਾਮਾ ਅਤੇ ਸੰਤੋਸ਼ ਨਾਮ ਦੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।ਪੁਲਿਸ ਨੂੰ ਜਾਣਕਾਰੀ ਦਿੰਦਿਆਂ ਚੰਦਰ ਨਗਰ ਹੈਬੋਵਾਲ ਦੇ ਰਹਿਣ ਵਾਲੇ ਕਾਰੋਬਾਰੀ ਕੇਵਲ ਕ੍ਰਿਸ਼ਨ(58 ) ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਪੰਜਾਬ ਨੈਸ਼ਨਲ ਬੈਂਕ ਮੰਜੂ ਸਿਨੇਮਾ ਦੇ ਕੋਲ ਪੈਂਦੇ ਏਟੀਐੱਮ ਕੈਬਿਨ 'ਚੋਂ ਨਕਦੀ ਕਢਵਾਉਣ ਲਈ ਆਏ ਸਨ। ਇਸੇ ਦੌਰਾਨ ਏਟੀਐੱਮ ਕੈਬਿਨ ਦੇ ਬਾਹਰ ਖੜ੍ਹਾ ਇਕ ਨੌਜਵਾਨ ਉਨ੍ਹਾਂ ਨੂੰ ਲਗਾਤਾਰ ਦੇਖ ਰਿਹਾ ਸੀ। ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਹੱਥ ਵਿੱਚ ਫੜੇ ਬੈਗ ਵਿਚ 75 ਹਜ਼ਾਰ ਰੁਪਏ ਦੀ ਨਕਦੀ ਸੀ। ਗਰਮੀ ਹੋਣ ਕਾਰਨ ਕੈਸ਼ ਕਢਵਾਉਣ ਤੋਂ ਬਾਅਦ ਕੇਵਲ ਕ੍ਰਿਸ਼ਨ ਕੁਝ ਸਮੇਂ ਲਈ ਏਟੀਐੱਮ ਕੈਬਿਨ ਦੇ ਅੰਦਰ ਕੁਰਸੀ 'ਤੇ ਬੈਠ ਗਿਆ। ਇਸੇ ਦੌਰਾਨ ਨੌਜਵਾਨ ਦਾ ਦੂਸਰਾ ਸਾਥੀ ਆਇਆ ਜਿਸ ਨੇ ਇਹ ਆਖਿਆ ਕਿ ਬਿਨਾਂ ਕੰਮ ਤੋਂ ਕੈਬਿਨ ਦੇ ਅੰਦਰ ਬੈਠਣ ਦੀ ਇਜਾਜ਼ਤ ਨਹੀਂ ਹੈ। ਨੌਜਵਾਨ ਦੀ ਗੱਲ ਸੁਣ ਕੇ ਕੇਵਲ ਕ੍ਰਿਸ਼ਨ ਬੈਗ ਚੁੱਕ ਕੇ ਆਪਣੀ ਕਾਰ ਵਿਚ ਜਾ ਕੇ ਬੈਠ ਗਏ।

ਇੰਜ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

ਕਾਰ ਵਿੱਚ ਬੈਠਦੇ ਸਾਰ ਹੀ ਕੇਵਲ ਕ੍ਰਿਸ਼ਨ ਦੇ ਕੋਲ ਮੁਲਜ਼ਮਾਂ ਦਾ ਤੀਸਰਾ ਸਾਥੀ ਆਇਆ ਅਤੇ ਅੱਖ ਬਚਾ ਕੇ ਕੁਝ ਨੋਟ ਖਿਲਾਰ ਦਿੱਤੇ। ਮੁਲਜ਼ਮ ਨੇ ਕੇਵਲ ਕ੍ਰਿਸ਼ਨ ਨੂੰ ਇਹ ਆਖਿਆ ਕਿ ਉਨ੍ਹਾਂ ਦੇ ਪੈਸੇ ਬਾਹਰ ਡਿੱਗੇ ਹੋਏ ਹਨ। ਕਾਰੋਬਾਰੀ ਜਿਉਂ ਹੀ ਕਾਰ 'ਚੋਂ ਬਾਹਰ ਨਿਕਲਿਆ ਤਾਂ ਮੁਲਜ਼ਮ ਕਾਰ ਦੀ ਅਗਲੀ ਸੀਟ 'ਤੇ ਪਿਆ ਉਸਦਾ ਨਕਦੀ ਵਾਲਾ ਬੈਗ ਚੁੱਕ ਕੇ ਫ਼ਰਾਰ ਹੋ ਗਿਆ। ਕੇਵਲ ਕ੍ਰਿਸ਼ਨ ਨੇ ਰੌਲ਼ਾ ਪਾਇਆ ਪਰ ਮੁਲਜ਼ਮ ਦੋ ਆਟੋ ਵਿਚ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਨਾਕਾਬੰਦੀ ਕਰ ਕੇ ਵੈਕਟਸ ਵਰੁਣ ਨਾਮ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਦਾਤ ਦੀ ਨੋਕ 'ਤੇ ਫੈਕਟਰੀ ਮਜ਼ਦੂਰ ਨੂੰ ਬਣਾਇਆ ਨਿਸ਼ਾਨਾ

ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਢੰਡਾਰੀ ਪੁਲ ਦੇ ਕੋਲ ਦਾਤ ਦੀ ਨੋਕ 'ਤੇ ਸੂਰਜ ਸਿੰਘ ਨਾਮ ਦੇ ਮਜ਼ਦੂਰ ਨੂੰ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਦਿੰਦਿਆਂ ਫੋਕਲ ਪੁਆਇੰਟ ਦੇ ਰਹਿਣ ਵਾਲੇ ਸੂਰਜ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਸੱਤ ਵਜੇ ਦੇ ਕਰੀਬ ਛੁੱਟੀ ਕਰਕੇ ਪੈਦਲ ਹੀ ਘਰ ਵੱਲ ਜਾ ਰਿਹਾ ਸੀ। ਜਿਸ ਤਰ੍ਹਾਂ ਹੀ ਉਹ ਪੁਲ ਦੇ ਲਾਗੇ ਪਹੁੰਚਿਆ ਤਾਂ ਦਾਤ ਮਾਰਨ ਦੀ ਧਮਕੀ ਦੇ ਕੇ ਇਕ ਨੌਜਵਾਨ ਉਸ ਕੋਲੋਂ ਮੋਬਾਈਲ ਫੋਨ ਅਤੇ ਕੁਝ ਨਕਦੀ ਲੁੱਟ ਕੇ ਲੈ ਗਿਆ।ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Posted By: Jagjit Singh