ਬਸੰਤ ਸਿੰਘ, ਲੁਧਿਆਣਾ : ਅਮਰਪੁਰਾ ਦੀ ਰਹਿਣ ਵਾਲੀ 72 ਸਾਲਾ ਸੁਰਿੰਦਰ ਕੌਰ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਚਲੀ ਗਈ ਹੈ, ਜਦਕਿ ਸੁਰਿੰਦਰ ਕੌਰ ਦੀ ਗੁਆਂਢਣ ਨੌਜਵਾਨ 42 ਸਾਲਾ ਪੂਜਾ ਦੀ ਕੋਰੋਨਾ ਵਾਇਰਸ ਕਾਰਨ 30 ਮਾਰਚ ਨੂੰ ਮੌਤ ਹੋ ਗਈ ਸੀ।

ਅਮਰਪੁਰਾ ਮੁਹੱਲੇ ਦੀ ਰਹਿਣ ਵਾਲੀ 72 ਸਾਲਾ ਸੁਰਿੰਦਰ ਕੌਰ ਪਤਨੀ ਹਰਭਜਨ ਸਿੰਘ ਨੂੰ ਕੋਰੋਨਾ ਵਾਇਰਸ ਜੰਗ ਜਿੱਤਣ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਅੱਜ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। 30 ਮਾਰਚ ਨੂੰ ਅਮਰਪੁਰਾ ਦੀ ਰਹਿਣ ਵਾਲੀ 42 ਸਾਲਾ ਪੂਜਾ ਦੀ ਕੋਰੋਨਾ ਨਾਲ ਹੋਈ ਮੌਤ ਤੋਂ ਬਾਅਦ ਜਦ ਉਸ ਦੀ ਲਾਸ਼ ਮੁਹੱਲਾ ਅਮਰਪੁਰਾ 'ਚ ਪਹੁੰਚੀ ਸੀ ਤਾਂ ਪੂਰੇ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਪਈ ਸੀ।

ਪੂਜਾ ਦੀ ਮੌਤ ਤੋਂ ਬਾਅਦ ਹਰਕਤ ਵਿਚ ਆਏ ਸਿਹਤ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਜਾ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਕੋਰੋਨਾ ਵਾਇਰਸ ਦੇ ਨਮੂਨੇ ਜਾਂਚ ਲਈ ਭੇਜਣੇ ਆਰੰਭ ਕਰ ਦਿੱਤੇ ਸਨ, ਜਿੱਥੇ ਅਨੇਕਾਂ ਲੋਕਾਂ ਦੇ ਨਮੂਨੇ ਨੈਗੇਟਿਵ ਪਾਏ ਗਏ, ਉੱਥੇ ਹੀ ਪੂਜਾ ਦੀ ਗੁਆਂਢਣ ਸੁਰਿੰਦਰ ਕੌਰ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ।

ਸੁਰਿੰਦਰ ਕੌਰ ਨੂੰ 1 ਅਪਰੈਲ ਨੂੰ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਕੋਵਿਡ 19 ਵਾਰਡ 'ਚ ਭਰਤੀ ਕਰ ਲਿਆ ਸੀ। ਸੁਰਿੰਦਰ ਕੌਰ ਦੀ 14 ਦਿਨਾਂ ਬਾਅਦ ਕਰਵਾਈ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸ ਦੀ ਜਦ ਦੂਸਰੀ ਰਿਪੋਰਟ ਜਾਂਚ ਲਈ ਭੇਜੀ ਗਈ ਤਾਂ ਉਹ ਵੀ ਨੈਗੇਟਿਵ ਆ ਗਈ ਜਿਸ ਕਾਰਨ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਅੱਜ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ। ਐੱਸਐੱਮਓ ਡਾ. ਗੀਤਾ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚੋਂ ਬੀਤੇ ਤਿੰਨ ਦਿਨਾਂ ਤੋਂ ਤੀਜੇ ਮਰੀਜ਼ ਨੂੰ ਕੋਰੋਨਾ ਦੀ ਬਿਮਾਰੀ ਠੀਕ ਹੋਣ ਤੋਂ ਬਾਅਦ ਘਰ ਭੇਜ ਰਹੇ ਹਾਂ। ਡਾ. ਗੀਤਾ ਨੇ ਕਿਹਾ ਕਿ 21 ਅਪ੍ਰਰੈਲ ਦਿਨ ਮੰਗਲਵਾਰ ਨੂੰ ਰਾਜਗੜ੍ਹ ਦੇ ਰਹਿਣ ਵਾਲੇ ਲਿਆਕਤ ਅਲੀ, 22 ਅਪ੍ਰਰੈਲ ਦਿਨ ਬੁੱਧਵਾਰ ਨੂੰ ਚੌਕੀਮਾਨ ਦੇ ਰਹਿਣ ਵਾਲੇ ਹਸਨ ਅਲੀ ਤੇ ਅੱਜ ਅਮਰਪੁਰਾ ਮੁਹੱਲੇ ਦੀ ਵਸਨੀਕ ਸੁਰਿੰਦਰ ਕੌਰ ਵੀ ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਤੋਂ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।

ਇਸ ਮੌਕੇ ਐਸਐਮਓ ਡਾ. ਹਤਿੰਦਰ ਕੌਰ, ਐਸਐਮਓ ਡਾ. ਮਲਵਿੰਦਰ ਮਾਲਾ, ਬੱਚਿਆਂ ਦੇ ਮਾਹਿਰ ਡਾ. ਹਰਪ੍ਰਰੀਤ ਸਿੰਘ ਸਿੰਘ, ਡਾ. ਕੁਲਵੰਤ ਸਿੰਘ ਹੱਡੀਆਂ ਦੇ ਮਾਹਿਰ ਡਾਕਟਰ ਹਰੀਸ਼ ਕਿਰਪਾਲ, ਚਮੜੀ ਰੋਗਾਂ ਦੇ ਮਾਹਰ ਡਾ. ਰੋਹਿਤ ਰਾਮਪਾਲ, ਫਾਰਮਾਸਿਸਟ ਕੁਲਭੂਸ਼ਣ ਸਿੰਗਲਾ ਹਾਜ਼ਰ ਸਨ।