ਜੇਐੱਨਐੱਨ, ਲੁਧਿਆਣਾ : ਤਾਜਪੁਰ ਰੋਡ ਸਥਿਤ ਸੈਂਟਰਲ ਜੇਲ੍ਹ 'ਚ ਬੰਦ ਕੈਦੀਆਂ ਦੇ ਕਬਜ਼ੇ 'ਚੋਂ ਮੋਬਾਈਲ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸ ਵਾਰ ਜੇਲ੍ਹ 'ਚ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਗਾਰਦ ਤੇ ਸੀਆਰਪੀਐੱਫ ਟੀਮ ਨੇ ਉਥੋਂ ਸੱਤ ਮੋਬਾਈਲ ਫੋਨ ਬਰਾਮਦ ਕੀਤੇ ਹਨ।

ਥਾਣਾ-7 ਦੀ ਤਾਜਪੁਰ ਚੌਕੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਰਵਨ ਸ਼ਾਹ, ਹਰਜੀਤ ਸਿੰਘ, ਰਾਕੇਸ਼ ਕੁਮਾਰ, ਸੁਖਚੈਨ ਸਿੰਘ, ਹਰਵਿੰਦਰ ਸਿੰਘ ਤੇ ਉੱਭੀ ਹੈਨਰੀ ਦੇ ਰੂਪ 'ਚ ਹੋਈ ਹੈ। ਉਭੀ ਵਿਦੇਸ਼ੀ ਨਾਗਰਿਕ ਹੈ। ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਪਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਆਪਣੇ ਬਿਆਨ 'ਚ ਉਨ੍ਹਾਂ ਨੇ ਦੱਸਿਆ ਕਿ 27 ਮਈ ਦੀ ਸ਼ਾਮ ਸੈਂਟਰਲ ਜੇਲ੍ਹ 'ਚ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਉਕਤ 6 ਮੁਲਜ਼ਮਾਂ ਦੇ ਕਬਜ਼ੇ 'ਚੋਂ 6 ਮੋਬਾਈਲ ਫੋਨ ਬਰਾਮਦ ਕੀਤੇ ਗਏ। ਜਦਕਿ ਇਕ ਮੋਬਾਈਲ ਫੋਨ ਲਾਵਾਰਸ ਹਾਲਾਤ 'ਚ ਮਿਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪ੍ਰਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਜਾਵੇਗੀ। ਦੱਸ ਦਈਏ ਕਿ ਚਾਲੂ ਸਾਲ ਦੌਰਾਨ ਸੈਂਟਰਲ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ ਹੁਣ ਤਕ 82 ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ।