ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ 7 ਸਾਲਾਂ ਤੋਂ ਮੱਧ ਪ੍ਰਦੇਸ਼ ਤੋਂ ਪੰਜਾਬ ਭਰ ਵਿਚ ਭੁੱਕੀ ਸਪਲਾਈ ਕਰ ਕੇ ਕਰੋੜਪਤੀ ਬਣੇ ਸਮੱਗਲਰ ਨੂੰ ਗਿ੍ਫ਼ਤਾਰ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ। ਮੁਲਜ਼ਮ ਦੇ ਕਈ ਸਾਥੀ ਜੇਲ੍ਹ ਵਿਚੋਂ ਅਤੇ ਕਈ ਜੇਲ੍ਹਾਂ ਤੋਂ ਬਾਹਰ ਬੈਠੇ ਇਸ ਕਾਰੋਬਾਰ ਨੂੰ ਚਲਾ ਰਹੇ ਹਨ। ਜ਼ਿਲ੍ਹੇ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਾਲ 2013 ਤੋਂ ਭਗੌੜੇ ਮਲਕੀਤ ਸਿੰਘ ਉਰਫ ਬੋਬੀ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਕੈਮਵਾਲਾ ਜਲੰਧਰ ਨੂੰ ਗਿ੍ਫ਼ਤਾਰ ਕੀਤਾ। ਪੁੱਛਗਿੱਛ ਤੋਂ ਬਾਅਦ ਬੋਬੀ ਦੀ ਨਿਸ਼ਾਨਦੇਹੀ 'ਤੇ ਪੁਲਿਸ ਪਾਰਟੀ ਨੇ ਸਤਲੁਜ ਦਰਿਆ ਕੰਢੇ ਸਥਿਤ ਪਿੰਡ ਕੁਲਗਹਿਣਾ ਨੇੜਿਓਂ ਲੁਕੋ ਕੇ ਰੱਖੀਆਂ 3 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ।

ਉਨ੍ਹਾਂ ਦੱਸਿਆ ਕਿ 7 ਸਾਲਾਂ ਵਿਚ ਬੋਬੀ ਨੇ ਮੱਧ ਪ੍ਰਦੇਸ਼ 'ਚ ਰਹਿੰਦਿਆਂ ਪੰਜਾਬ 'ਚ ਭੁੱਕੀ ਸਪਲਾਈ ਕਰਦਿਆਂ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਲਈ ਹੈ, ਜਿਸ ਨੂੰ ਪੁਲਿਸ ਜਲਦੀ ਹੀ ਕੇਸਾਂ ਨਾਲ ਅਟੈਚ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਨੇ ਲੁਧਿਆਣਾ ਦੇ ਦੁੱਗਰੀ 'ਚ 3 ਮੰਜ਼ਲਾਂ ਆਲੀਸ਼ਾਨ ਕੋਠੀ ਵੀ ਬਣਾਈ ਜਿਸ ਦੀ ਕੀਮਤ ਸਵਾ ਕਰੋੜ ਰੁਪਏ ਹੈ। ਪੁਲਿਸ ਨੇ ਉਸ ਕੋਲੋਂ 72 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਸਕਾਰਪੀਓ ਗੱਡੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ 'ਚ ਭੁੱਕੀ ਸਪਲਾਈ ਦੇ ਹੋਰ ਵੱਡੇ ਖੁਲਾਸੇ ਅਤੇ ਇਸ ਦੇ ਹੋਰ ਸਾਥੀਆਂ ਦੀ ਗਿ੍ਫ਼ਤਾਰੀ ਹੋਵੇਗੀ।