ਜੇਐੱਨਐੱਨ, ਲੁਧਿਆਣਾ : ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵਧਣ ਲੱਗੇ ਹਨ। ਵੀਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 6 ਨਵੇਂ ਮਰੀਜ਼ ਸਾਹਮਣੇ ਆਏ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 209 ਹੋ ਗਈ ਹੈ। ਇਨ੍ਹਾਂ ਵਿਚ 2 ਤੇ 5 ਸਾਲ ਦੇ ਦੋ ਬੱਚੇ ਵੀ ਸ਼ਾਮਲ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਛਾਉਣੀ ਮੁਹੱਲੇ 'ਚ ਰਹਿਣ ਵਾਲਾ 29 ਸਾਲ ਦਾ ਨੌਜਵਾਨ ਵਾਇਰਸ ਦੀ ਲਪੇਟ 'ਚ ਆਇਆ ਹੈ। ਹੁਣ ਛਾਉਣੀ ਮੁਹੱਲੇ ਤੋਂ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 1 ਜੂਨ ਨੂੰ ਮਾਨੇਸਰ ਤੋਂ ਪਰਤੇ ਕੋਰੋਨਾ ਪਾਜ਼ੇਟਿਵ 20 ਸਾਲਾ ਨੌਜਵਾਨ ਦੇ ਸੰਪਰਕ 'ਚ ਆ ਕੇ 57 ਸਾਲਾ ਔਰਤ, 14 ਸਾਲ ਦਾ ਲੜਕਾ, 5 ਸਾਲ ਦਾ ਬੱਚਾ ਤੇ 24 ਸਾਲ ਦਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ 31 ਮਈ ਨੂੰ ਕੋਰੋਨਾ ਪਾਜ਼ੇਟਿਵ ਆਏ ਖੰਨਾ ਦੇ ਇਕ ਡਾਕਟਰ ਜੋੜੇ ਦੀ ਦੋ ਸਾਲ ਦੀ ਬੇਟੀ ਵੀ ਕੋਰੋਨਾ ਦੀ ਲਪੇਟ 'ਚ ਆਈ ਹੈ।

ਲੁਧਿਆਣਾ 'ਚ ਹੁਣ ਤਕ 150 ਲੋਕ ਤੰਦਰੁਸਤ ਹੋ ਚੁੱਕੇ ਹਨ ਤੇ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ 'ਚ ਹੁਣ ਤਕ 51,190 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਅਮਰਪੁਰਾ ਤੇ ਚੌਕੀਮਾਨ 'ਚ 40,219 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। 7 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।

Posted By: Seema Anand