ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਸਾੜੇ ਜ਼ਮੀਨ ਵਿੱਚ ਵਾਹ ਕੇ ਪਿੰਡ ਲੀਲਾ ਮੇਘ ਸਿੰਘ ਦਾ ਅਗਾਂਹਵਧੂ ਕਿਸਾਨ ਜਗਦੇਵ ਸਿੰਘ 14 ਏਕੜ ਮਾਲਕੀ ਅਤੇ 120 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਕਾਰਨ ਇਸ ਕਿਸਾਨ ਨੂੰ ਬਲਾਕ ਅਤੇ ਤਹਿਸੀਲ ਪੱਧਰ 'ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਕਿਸਾਨ ਦੀ ਸ਼ਲਾਘਾ ਕੀਤੀ ਗਈ ਹੈ।

ਕਿਸਾਨ ਜਗਦੇਵ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੀਏਯੂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਕੈਂਪਾਂ ਵਿੱਚ ਅਕਸਰ ਭਾਗ ਲੈਂਦੇ ਰਹਿਣ ਕਰਕੇ ਉਸਨੂੰ ਪਤਾ ਲੱਗਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਵਾਹਕੇ ਜ਼ਮੀਨ ਦੀ ਬਣਤਰ ਸੁਧਰਦੀ ਹੈ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ, ਜਿਸ ਦੇ ਨਾਲ-ਨਾਲ ਹੋਰ ਖੇਤੀ ਖਰਚੇ ਜਿਵੇਂ ਖਾਦਾਂ ਦੀ ਵਰਤੋਂ, ਬਿਮਾਰੀਆਂ, ਕੀੜੇ-ਮਕੌੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਜਗਦੇਵ ਸਿੰਘ ਨੇ ਕਿਹਾ ਕਿ ਧਰਤੀ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣ ਅਤੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਰਹਿਤ ਬਨਾਉਣ ਦੇ ਮੰਤਵ ਨਾਲ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਆਲੂ ਅਤੇ ਕਣਕ ਦੀ ਬਿਜਾਈ, ਮਲਚਰ, ਪੈਡੀ ਸਟਰਾਅ ਰੈਪਰ ਕਮ ਸ਼ਰੈਡਰ, ਪਲਟਾਵੇ ਹਲ ਵਰਤਕੇ ਕਰਨ ਨੂੰ ਤਰਜ਼ੀਹ ਦਿੱਤੀ ਜਾਣੀ ਚਾਹੀਦੀ ਹੈ।

ਪਰਾਲੀ ਨਾ ਸਾੜਨ ਲਈ ਵਚਨਬੱਧ ਹੈ ਕਿਸਾਨ ਚਰਨਕਮਲ ਸਿੰਘ

ਚਰਨਕਮਲ ਸਿੰਘ ਪਿੰਡ ਢੈਪਈ ਬਲਾਕ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਦਾ ਇੱਕ ਅਗਾਂਹਵਧੂ ਕਿਸਾਨ ਹੈ ਜੋ ਕਿ 15 ਏਕੜ ਦੀ ਖੇਤੀ ਕਰਦਾ ਹੈ। ਇਹ ਕਿਸਾਨ ਆਪਣੀ ਜਮੀਨ ਦੀ ਸਿਹਤ ਸੁਧਾਰ, ਵਾਤਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਪਰਾਲੀ ਨੂੰ ਨਾ ਸਾੜਨ ਪ੍ਰਤੀ ਵਚਨਵੱਧ ਹੈ। ਵਾਤਾਵਰਣ ਪੱਖੀ ਕਿਸਾਨ ਚਰਨਕਮਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਣਕ ਅਤੇ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੀ ਲਗਾਉਂਦਾ ਹੈ ਤਾਂ ਜੋ ਰਹਿੰਦ-ਖੂੰਹਦ/ਪਰਾਲੀ ਘੱਟ ਹੋਵੇ ਅਤੇ ਸਾਂਭ-ਸੰਭਾਲ ਲਈ ਵੀ ਸਮਾਂ ਮਿਲ ਸਕੇ। ਉਸਨੇ ਅੱਗੇ ਦੱਸਿਆ ਕਿ ਉਹ ਪਰਾਲੀ ਸਾਂਭਣ ਲਈ ਮਸ਼ੀਨਾਂ ਦੀ ਵਰਤੋਂ ਕਰਦਾ ਹੈ ਅਤੇ ਪਿਛਲੇ 3 ਸਾਲਾਂ ਤੋਂ ਉਸਨੇ ਪਰਾਲੀ ਨੂੰ ਅੱਗ ਨਹੀਂ ਲਗਾਈ। ਉੱਦਮੀ ਕਿਸਾਨ ਨੇ ਕਿਹਾ ਕਿ ਉਹ ਝੋਨੇ ਦੀ ਵਾਢੀ ਸੁਪਰ ਸਟਰਾਅ ਮੈਨੇਜਮਮੈਂਟ ਸਿਸਟਮ (ਐੱਸਐੱਮਅੱੈਸ) ਸੰਯੁਕਤ ਕੰਬਾਇਨ ਨਾਲ ਕਰਨ ਤੋਂ ਬਾਅਦ ਚੋਪਰ/ਮਲਚ ਦੀ ਮਦਦ ਨਾਲ ਪਰਾਲੀ ਦਾ ਕੁਤਰਾ ਕਰਨ ਤੋਂ ਬਾਅਦ ਉਲਟਾਵੇਂ ਹਲਾਂ ਨਾਲ ਪਰਾਲੀ ਨੂੰ ਖੇਤ ਵਿੱਚ ਰਲਾ ਦਿੰਦਾ ਹੈ। ਇਸ ਤੋਂ ਮਗਰੋਂ ਕਿਸਾਨ ਰੋਟਾਵੇਟਰ ਨਾਲ ਵਾਹ ਕੇ ਕਣਕ ਦੀ ਬਿਜਾਈ ਖਾਦ-ਬੀਜ ਡਰਿੱਲ ਨਾਲ ਕਰਦਾ ਹੈ। ਇਸ ਕਿਸਾਨ ਦੀ ਮਿਹਨਤ ਅਤੇ ਜੋਸ਼ ਨੂੰ ਦੇਖ ਕੇ ਬਾਕੀ ਇਲਾਕੇ ਦੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ।