ਸੰਜੀਵ ਗੁਪਤਾ, ਕੌਸ਼ਲ ਮੱਲ੍ਹਾ, ਜਗਰਾਓਂ

ਇੱਥੋਂ ਦੇ ਪਿੰਡ ਮੱਲ੍ਹਾ ਦੀ 58 ਸਾਲ ਦੀ ਬੇਬੇ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਬੇਬੇ ਨੂੰ ਸਾਹ ਦੀ ਤਕਲੀਫ ਹੋਣ ਕਾਰਨ ਉਸ ਨੂੰ ਹਾਈ ਰਿਸਕ ਮਰੀਜ਼ ਐਲਾਨਿਆ ਗਿਆ। ਇਹ ਬਜ਼ੁਰਗ ਬੇਬੇ ਬੀਤੇ ਐਤਵਾਰ ਮਹਾਂਰਾਸ਼ਟਰ ਦੇ ਸ਼ਹਿਰ ਨਾਗਪੁਰ ਤੋਂ ਰੇਲ ਗੱਡੀ ਰਾਹੀਂ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਦੇ ਨਾਲ ਲੁਧਿਆਣਾ ਪੁੱਜੀ ਸੀ ਤੇ ਲੁਧਿਆਣੇ ਤੋਂ ਹੰੁਦੇ ਹੋਏ ਉਹ ਪਿੰਡ ਮੱਲ੍ਹਾ ਵਿਖੇ ਪੁੱਜੀ।

ਸ਼ੁਰੂਆਤੀ ਜਾਂਚ 'ਚ ਬਜ਼ੁਰਗ ਬੇਬੇ ਦੇ ਚਾਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਉਨ੍ਹਾਂ ਦੀ ਰਿਪੋਰਟ ਪਾਜੇਟਿਵ ਆਉਣ ਕਾਰਨ ਸਿਹਤ ਵਿਭਾਗ ਅਤੇ ਪੁਲਿਸ ਟੀਮ ਪੰਜਾਂ ਨੂੰ ਸਿਵਲ ਹਸਪਤਾਲ ਲੈ ਆਈ ਹੈ, ਜਿੱਥੇ ਉਨ੍ਹਾਂ ਦੇ ਮੁੜ ਟੈਸਟ ਲਈ ਸੈਂਪਲ ਲੈਂਦਿਆਂ ਉਨ੍ਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਮੱਲ੍ਹਾ ਵਾਸੀ ਸੁਖਦੀਪ ਸ਼ਰਮਾ ਪੁੱਤਰ ਰੇਸ਼ਮ ਕੁਮਾਰ (38) ਆਪਣੀ ਮਾਤਾ ਸ਼ਰਨਜੀਤ ਕੌਰ (52), ਪਤਨੀ ਪ੍ਰਰੀਤੀ ਸ਼ਰਮਾ (36), ਪੁੱਤਰੀ ਸਿਮਰਨਜੀਤ ਕੌਰ (7) ਅਤੇ ਮਾਸੀ ਬਲਜਿੰਦਰ ਕੌਰ ਪਤਨੀ ਜੈ ਰਾਮ ਨਾਲ ਮਹਾਰਾਸ਼ਟਰ ਦੇ ਪਿੰਡ ਚੰਦਰਪੁਰ ਵਿਆਹੀ ਆਪਣੀ ਭੈਣ ਦੀ ਕੋਠੀ 'ਤੇ ਮਹੂਰਤ ਸਮਾਗਮ 'ਚ ਬੀਤੀ 18 ਮਾਰਚ ਨੂੰ ਗਏ ਸਨ। ਇਸੇ ਦੌਰਾਨ ਲਾਕਡਾਊਨ/ਕਰਫਿਊ ਲੱਗਣ ਕਾਰਨ ਉਕਤ ਪੰਜੇ ਉਥੇ ਹੀ ਫਸ ਗਏ। ਕੁਝ ਦਿਨ ਪਹਿਲਾਂ ਗੱਡੀਆਂ ਚੱਲਣ 'ਤੇ ਇਹ ਸਾਰੇ ਨਾਗਪੁਰ ਤੋਂ ਲੁਧਿਆਣਾ ਤਕ ਰੇਲ ਗੱਡੀ 'ਚ ਪੁੱਜੇ, ਜਿੱਥੋਂ ਇਹ 24 ਮਈ ਨੂੰ ਆਪਣੇ ਪਿੰਡ ਮੱਲ੍ਹਾ ਪੁੱਜੇ। ਸੁਖਦੀਪ ਸ਼ਰਮਾ ਆਪਣੀ 58 ਸਾਲਾ ਮਾਸੀ ਦੀ ਤਬੀਅਤ ਖਰਾਬ ਹੋਣ ਕਾਰਨ ਜਗਰਾਓਂ ਸਿਵਲ ਹਸਪਤਾਲ 'ਚ ਬਣੇ ਫਲੂ ਕਾਰਨਰ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਨੇ 58 ਸਾਲਾਂ ਬਲਜਿੰਦਰ ਕੌਰ ਸਮੇਤ ਨਾਗਪੁਰ ਤੋਂ ਆਏ ਪੰਜਾਂ ਦਾ ਕੋਰੋਨਾ ਟੈਸਟ ਲਈ ਸੈਂਪਲ ਲਏ।

ਵੀਰਵਾਰ ਨੂੰ ਪੰਜਾਂ 'ਚੋਂ ਬਲਜਿੰਦਰ ਕੌਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਜਦ ਕਿ ਬਾਕੀ ਚਾਰਾਂ ਦੀ ਰਿਪੋਰਟ ਨੈਗੇਟਿਵ ਆਈ। ਇਸ 'ਤੇ ਸਿਹਤ ਵਿਭਾਗ ਦੀ ਟੀਮ ਨੂੰ ਭਾਜੜ ਪੈ ਗਈ ਤੇ ਜਗਰਾਓਂ ਸਿਵਲ ਹਸਪਤਾਲ ਦੇ ਡਾ. ਸੰਗੀਨਾ ਗੁਪਤਾ ਦੀ ਜੇਰੇ ਨਿਗਰਾਨੀ 'ਚ ਟੀਮ ਪਿੰਡ ਮੱਲ੍ਹਾ 'ਚ ਪੁਲਿਸ ਸਮੇਤ ਜਾ ਪੁੱਜੀ। ਰਾਤ ਕਰੀਬ 8 ਵਜੇ ਟੀਮ ਕੋਰੋਨਾ ਪਾਜੇਟਿਵ ਬਲਜਿੰਦਰ ਕੌਰ ਨੂੰ ਜਿੱਥੇ ਸਿਵਲ ਹਸਪਤਾਲ ਦੇ ਇਕਾਂਤਵਾਸ ਵਾਰਡ ਵਿਚ ਲੈ ਕੇ ਪੁੱਜੀ ਅਤੇ ਉਸ ਨੂੰ ਉਥੇ ਦਾਖਲ ਕਰ ਲਿਆ ਗਿਆ। ਇਸ ਦੇ ਨਾਲ ਹੀ ਮੁੜ ਟੀਮ ਮੱਲ੍ਹਾ ਪੁੱਜੀ ਅਤੇ ਕੋਰੋਨਾ ਪਾਜ਼ੇਟਿਵ ਬਲਜਿੰਦਰ ਕੌਰ ਦੇ ਨਾਲ ਆਏ ਚਾਰੇ ਪਰਿਵਾਰਕ ਮੈਂਬਰਾਂ ਨੂੰ ਮੁੜ ਸੈਂਪਲ ਲਈ ਸਿਵਲ ਹਸਪਤਾਲ ਲੈ ਕੇ ਪੁੱਜੇ।

-ਬਾਕਸ-

-ਸੰਪਰਕ 'ਚ ਆਏ ਵਿਅਕਤੀਆਂ ਦੀ ਸੂਚੀ ਹੋਵੇਗੀ ਲੰਮੀ

ਮਹਾਂਰਾਸ਼ਟਰ ਤੋਂ ਵਾਪਸ ਪਰਤੇ ਬਲਜਿੰਦਰ ਕੌਰ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਮੁਸੀਬਤਾਂ ਵੱਧ ਗਈਆਂ, ਕਿਉਂਕਿ ਉਕਤ ਪਰਿਵਾਰ ਨੂੰ ਪਿੰਡ ਆਇਆਂ ਚਾਰ ਦਿਨ ਹੋ ਗਏ ਹਨ। ਇਸ ਦੌਰਾਨ ਉਹ ਜਿਨ੍ਹਾਂ ਦੇ ਵੀ ਸੰਪਰਕ ਵਿਚ ਆਏ ਹਨ, ਉਨ੍ਹਾਂ ਦੀ ਸੂਚੀ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਡਾ. ਸੰਗੀਨਾ ਗੁਪਤਾ ਅਨੁਸਾਰ ਉਕਤ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਵੀ ਸੈਂਪਲ ਲਏ ਜਾਣਗੇ।

-ਰੇਲ ਗੱਡੀ 'ਚ ਵੀ ਹੋਇਆ ਸੈਂਕੜਿਆਂ ਨਾਲ ਸੰਪਰਕ

ਪਾਜ਼ੇਟਿਵ ਆਏ ਬਲਜਿੰਦਰ ਕੌਰ ਜਿੱਥੇ ਰਿਸ਼ਤੇਦਾਰੀ 'ਚ ਮਹਾਰਾਸ਼ਟਰ ਦੇ ਚੰਦਰਪੁਰ ਰਹਿ ਕੇ ਆਏ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਰਹੇ, ਉਥੇ ਨਾਗਪੁਰ ਤੋਂ ਲੁਧਿਆਣਾ ਤਕ ਆਈ ਰੇਲ ਗੱਡੀ ਦੇ ਇਸ ਸਫਰ ਵਿਚ ਵੀ ਉਨ੍ਹਾਂ ਦਾ ਵੱਡੀ ਗਿਣਤੀ 'ਚ ਯਾਤਰੀਆਂ ਨਾਲ ਵੀ ਸੰਪਰਕ ਹੋਇਆ। ਅਜਿਹੇ 'ਚ ਹੁਣ ਸਰਕਾਰ ਸਾਵਧਾਨੀ ਲਈ ਕੀ ਕਰੇਗੀ, ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ।