ਹਰਜੋਤ ਸਿੰਘ ਅਰੋੜਾ, ਲੁਧਿਆਣਾ

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ 55 ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ-19 ਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦ ਸਮੇਂ ਵੀ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ 'ਚ 548 ਮਰੀਜ਼ਾਂ ਦਾ ਇਲਾਜ ਜਾਰੀ ਹੈ। ਬੀਤੇ ਦਿਨੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲਏ ਗਏ 59 ਨਮੂਨਿਆਂ ਦੇ ਟੈਸਟਾਂ ਵਿੱਚੋਂ ਸਿਰਫ਼ ਇੱਕ ਨਮੂਨੇ (ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਡਰਾਈਵਰ) ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਸ ਤੋਂ ਇਲਾਵਾ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਵੀ ਪਾਜ਼ੇਟਿਵ ਆਏ ਹਨ। ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ 'ਚ ਹੁਣ ਤੱਕ ਕੁੱਲ 40402 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 39611 ਦੀ ਰਿਪੋਰਟ ਪ੍ਰਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 38142 ਨਤੀਜੇ ਨੈਗੇਟਿਵ ਆਏ ਹਨ, ਜਦਕਿ 791 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 1231 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦਕਿ 238 ਮਰੀਜ਼ ਹੋਰ ਜ਼ਿਲਿ੍ਹਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 29 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਅਤੇ 28 ਹੋਰ ਜ਼ਿਲਿਆਂ ਨਾਲ ਸਬੰਧਤ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ 15505 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2144 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 154 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 647 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।