ਐੱਸਪੀ ਜੋਸ਼ੀ ਲੁਧਿਆਣਾ - ਐੱਸਟੀਐੱਫ਼. ਲੁਧਿਆਣਾ ਦੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਇੱਕ ਨਸ਼ਾ ਸਮਗਲਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਟੀਐੱਫ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਕਰਨਦੀਪ ਸਿੰਘ ਉਰਫ਼ ਟੀਡਾ ਵਾਸੀ ਢੰਡਾਰੀ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਥਾਣੇਦਾਰ ਜਸਪਾਲ ਸਿੰਘ ਦੀ ਅਗਵਾਈ ਵਿੱਚ ਬੀਤੀ ਰਾਤ ਡਾਬਾ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਕਥਿਤ ਦੋਸ਼ੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ ਪੁਲਿਸ ਨੇ 50 ਗਰਾਮ ਹੈਰੋਇਨ ਬਰਾਮਦ ਕੀਤੀ ਗਈ, ਕਥਿਤ ਦੋਸ਼ੀ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਨੇ ਢੰਡਾਰੀ ਵਿੱਚ ਰਹਿੰਦੇ ਅਮਰਜੀਤ ਸਿੰਘ ਅਤੇ ਸ਼ਿਨੂ ਨਾਮੀ ਵਿਅਕਤੀਆਂ ਪਾਸੋਂ ਇਹ ਹੈਰੋਇਨ ਖਰੀਦੀ ਸੀ ਤੇ ਅੱਗੇ ਮਹਿੰਗੇ ਭਾਅ ਵੇਚਣ ਦੀ ਤਿਆਰੀ ਵਿਚ ਸੀ। ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ ਅਤੇ ਆਸ ਹੈ ਕਿ ਪੁੱਛਗਿੱਛ ਵਿਚ ਇਸ ਰੈਕੇਟ ਨਾਲ ਜੁੜੇ ਹੋਰ ਕਈ ਤਸਕਰ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।