ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਡਾ. ਕੁਲਦੀਪ ਸਿੰਘ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਡਾ. ਕੁਲਦੀਪ ਸਿੰਘ ਨੂਰਮਹਿਲ ਦੇ ਕਿ੍ਸ਼ੀ ਵਿਗਿਆਨ ਕੇਂਦਰ ਵਿੱਚ ਉਪ ਨਿਰਦੇਸ਼ਕ (ਸਿਖਲਾਈ) ਵਜੋਂ ਕਾਰਜ ਕਰ ਰਹੇ ਸਨ। ਇਸ ਤੋਂ ਪਹਿਲਾਂ ਉਹ ਕਿ੍ਸ਼ੀ ਵਿਗਿਆਨ ਕੇਂਦਰ ਸਮਰਾਲਾ ਵਿਖੇ ਵੀ ਉਪ ਨਿਰਦੇਸ਼ਕ ਵਜੋਂ ਤਾਇਨਾਤ ਰਹੇ ਹਨ। ਪਸਾਰ ਸਿੱਖਿਆ ਵਿਸ਼ੇਸ਼ ਕਰਕੇ ਪਸਾਰ ਸੇਵਾਵਾਂ ਦੇ ਖੇਤਰ ਵਿੱਚ ਉਨਾਂ ਕੋਲ 25 ਸਾਲ ਦਾ ਲੰਮਾ ਤਜਰਬਾ ਹੈ। ਉਨਾਂ ਖੇਤੀ ਨਾਲ ਸਬੰਧਿਤ ਮੁੱਦਿਆਂ ਸਬੰਧੀ ਲੰਬਾ ਸਮਾਂ ਪਸਾਰ ਸੇਵਾਵਾਂ ਦਿੱਤੀਆਂ ਹਨ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਉਨਾਂ ਕਿਸਾਨਾਂ ਨੂੰ ਨਵੀਆਂ ਤਕਨਾਲੋਜੀਆਂ ਨਾਲ ਜੋੜਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ। ਇਸ ਤੋਂ ਇਲਾਵਾ ਦੂਰਦਰਸ਼ਨ ਅਤੇ ਅਕਾਸ਼ਬਾਣੀ ਵਰਗੇ ਮਾਧਿਅਮਾਂ ਰਾਹੀਂ ਵੀ ਡਾ. ਕੁਲਦੀਪ ਸਿੰਘ ਆਪਣੇ ਪਸਾਰ ਤਜਰਬਿਆਂ ਨੂੰ ਕਿਸਾਨਾਂ ਨਾਲ ਸਾਂਝਾ ਕਰਦੇ ਰਹੇ ਹਨ। 2015 ਵਿੱਚ ਉਨਾਂ ਨੂੰ ਡਾ. ਸਤਵੰਤ ਕੌਰ ਯਾਦਗਾਰੀ ਸਰਵੋਤਮ ਪਸਾਰ ਵਰਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2016-17 ਵਿੱਚ ਡਾ. ਕੁਲਦੀਪ ਸਿੰਘ ਕਿਸਾਨਾਂ ਲਈ ਤਕਨਾਲੋਜੀਆਂ ਦੇ ਰੂਪਾਂਤਰਣ ਸਬੰਧੀ ਡਾ.ਜੀਅੱੈਸ ਖੁਸ਼ ਟੀਮ ਐਵਾਰਡ ਨਾਲ ਨਿਵਾਜ਼ੇ ਗਏ ਸਨ। ਪੀਏਯੂ ਲੁਧਿਆਣਾ ਦੇ ਵਾਈਸ ਚਾਂਸਲਰ ਨੇ ਉਨਾਂ ਨੂੰ ਇੰਨਾਂ ਕਾਰਜਾਂ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ।