ਐੱਸਪੀ ਜੋਸ਼ੀ, ਲੁਧਿਆਣਾ

ਐੱਸਟੀਐੱਫ ਲੁਧਿਆਣਾ ਦੀ ਟੀਮ ਨੇ ਦੋ ਨਸ਼ਾ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਸਣੇ ਗਿ੍ਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਦੋਵਾਂ ਕਥਿਤ ਮੁਲਜ਼ਮਾਂ ਦੀ ਸ਼ਨਾਖਤ ਵਰਿੰਦਰ ਠਾਕੁਰ ਵਿੱਕੀ ਵਾਸੀ ਤੇਤੀ ਫੁੱਟਾ ਰੋਡ ਤੇ ਬਿਕਰਮ ਸਿੰਘ ਵਾਸੀ ਜਮਾਲਪੁਰ ਕਾਲੋਨੀ ਦੇ ਰੂਪ 'ਚ ਹੋਈ ਹੈ। ਇਨ੍ਹਾਂ ਦੋਵਾਂ ਦੇ ਕਬਜ਼ੇ 'ਚੋਂ ਐੱਸਟੀਐੱਫ ਦੀ ਟੀਮ ਨੇ 455 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਬਾਰੇ ਐੱਸਟੀਐੱਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨਸ਼ਾ ਸਮੱਗਲਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਹੇ ਹਨ।

ਉਕਤ ਜਾਣਕਾਰੀ ਦੇ ਆਧਾਰ 'ਤੇ ਐੱਸਟੀਐੱਫ ਦੇ ਥਾਣੇਦਾਰ ਗੁਰਚਰਨ ਸਿੰਘ ਦੀ ਅਗਵਾਈ 'ਚ ਪੁਲਿਸ ਨੇ ਬੇਅੰਤ ਕਾਲੋਨੀ ਦੇ ਨੇੜੇ ਨਾਕੇਬੰਦੀ ਕਰਦਿਆਂ ਦੋਵਾਂ ਕਥਿਤ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ। ਵਧੇਰੇ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਕਬਜ਼ੇ 'ਚੋਂ 455 ਗ੍ਰਾਮ ਹੈਰੋਇਨ, ਨਸ਼ਾ ਪੈਕ ਕਰਨ ਵਾਲੀਆਂ ਲਿਫ਼ਾਿਫ਼ਆਂ ਤੇ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਇਆ।

ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਵਰਿੰਦਰ ਠਾਕੁਰ ਉਰਫ ਵਿਕੀ ਹੈਬੋਵਾਲ ਬੈਂਕ ਕਾਲੋਨੀ ਇਲਾਕੇ ਵਿੱਚ ਮੈਰਿਜ ਬਿਊਰੋ ਚਲਾਉਂਦਾ ਹੈ। ਇਸ ਗੈਂਗ ਦਾ ਦੂਜਾ ਮੈਂਬਰ ਵਿਕਰਮ ਸਿੰਘ ਸੁੰਦਰ ਨਗਰ ਚੌਕ ਵਿੱਚ ਇਲੈਕਟ੍ਰਾਨਿਕ ਦੀ ਦੁਕਾਨ ਚਲਾਉਂਦਾ ਹੈ। ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਦੋਵੇਂ ਕਥਿਤ ਮੁਲਜ਼ਮ ਖੁਦ ਹੈਰੋਇਨ ਦਾ ਨਸ਼ਾ ਕਰਦੇ ਹਨ ਤੇ ਮਹਿੰਗੇ ਨਸ਼ੇ ਦਾ ਖਰਚਾ ਕੱਢਣ ਲਈ ਇਨਾਂ ਹੈਰੋਇਨ ਤਸਕਰੀ ਦੇ ਧੰਦੇ ਵਿੱਚ ਪੈਰ ਰੱਖਿਆ। ਹੌਲੀ ਹੌਲੀ ਇਨ੍ਹਾਂ ਦੇ ਸੰਬੰਧ ਵੱਡੇ ਨਸ਼ਾ ਤਸਕਰਾਂ ਨਾਲ ਹੋਏ ਅਤੇ ਇਨ੍ਹਾਂ ਨੇ ਨਸ਼ਾ ਸਪਲਾਈ ਦਾ ਦਾਇਰਾ ਵਧਾ ਦਿੱਤਾ।

-ਜੇਲ੍ਹ ਤੋਂ ਬਾਹਰ ਆਉਂਦੇ ਹੀ ਸ਼ੁਰੂ ਕਰ ਦਿੱਤਾ ਗੋਰਖਧੰਦਾ

ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਵਰਿੰਦਰ ਠਾਕੁਰ ਉਰਫ ਵਿੱਕੀ ਮਾਨਸਿਕ ਤੌਰ 'ਤੇ ਅਪਰਾਧੀ ਸੋਚ ਦਾ ਮਾਲਕ ਹੈ। ਕੱੁਝ ਸਮਾਂ ਪਹਿਲਾਂ ਹੀ ਉਹ ਕਤਲ ਦੇ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਬਾਹਰ ਆਉਂਦੇ ਹੀ ਉਸ ਨੇ ਫਿਰ ਤੋਂ ਆਪਣੇ ਸੰਪਰਕਾਂ ਰਾਹੀਂ ਥੋਕ ਦੇ ਭਾਅ ਹੈਰੋਇਨ ਲਿਆ ਕੇ ਅੱਗੇ ਗਾਹਕਾਂ ਨੂੰ ਸਪਲਾਈ ਦੇਣ ਦਾ ਨੈੱਟਵਰਕ ਸ਼ੁਰੂ ਕਰ ਦਿੱਤਾ। ਇਹੋ ਨਹੀਂ ਵਰਿੰਦਰ ਠਾਕੁਰ ਹਾਲ ਹੀ ਵਿੱਚ ਐੱਸਟੀਅੱੈਫ ਵੱਲੋਂ ਦਰਜ ਛੇ ਸੌ ਗ੍ਰਾਮ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ।

-ਦਰਜਨਾਂ ਸੰਗੀਨ ਮਾਮਲਿਆਂ 'ਚ ਨਾਮਜ਼ਦ ਹੈ ਮੁਲਜ਼ਮ

ਇੰਸ. ਹਰਬੰਸ ਸਿੰਘ ਮੁਤਾਬਕ ਗਿ੍ਫਤਾਰ ਕੀਤਾ ਗਿਆ ਵਰਿੰਦਰ ਠਾਕੁਰ ਉਰਫ ਵਿੱਕੀ ਅਪਰਾਧਿਕ ਪਿਛੋਕੜ ਰੱਖਦਾ ਹੈ। ਉਸ ਖ਼ਿਲਾਫ਼ ਨਸ਼ਾ, ਲੁੱਟ, ਕਤਲ, ਇਰਾਦਾ-ਕਤਲ ਸਮੇਂ ਤੋਂ ਹੋਰ ਕਈ ਸੰਗੀਨ ਦੋਸ਼ਾਂ 'ਚ 24 ਤੋਂ ਵੀ ਵੱਧ ਮਾਮਲੇ ਦਰਜ ਹਨ। ਦੂਜਾ ਦੋਸ਼ੀ ਵਿਕਰਮ ਸਿੰਘ ਖ਼ਿਲਾਫ਼ ਵੀ ਤਿੰਨ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ।