ਐੱਸਪੀ ਜੋਸ਼ੀ, ਲੁਧਿਆਣਾ : ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ 'ਚ ਮੁਲਜ਼ਮ ਖ਼ਿਲਾਫ਼ ਥਾਣਾ ਮਾਡਲ ਟਾਊਨ ਪੁਲਿਸ ਨੇ ਪਰਚਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਮਾਮਲਾ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਜੰਮੂ ਕਾਲੋਨੀ ਮਾਡਲ ਟਾਊਨ ਦੇ ਰਹਿਣ ਵਾਲੇ ਮੁਹੰਮਦ ਓਸਾਮਾ ਖ਼ਿਲਾਫ਼ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਵਿਸ਼ਵਕਰਮਾ ਨਗਰ ਵਾਸੀ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਕਰੀਬ 17 ਸਾਲ ਦੀ ਨਬਾਲਿਗ ਲੜਕੀ ਆਪਣੀ ਮਾਂ ਨੂੰ ਸਹੇਲੀ ਘਰ ਜਾਣ ਦਾ ਕਹਿ ਕੇ ਗਈ ਸੀ, ਪਰ ਦੇਰ ਸ਼ਾਮ ਤਕ ਲੜਕੀ ਘਰ ਵਾਪਸ ਨਾ ਆਈ। ਸ਼ੁਰੂਆਤ 'ਚ ਉਨ੍ਹਾਂ ਨੇ ਨਿੱਜੀ ਤੌਰ 'ਤੇ ਵਾਕਫਕਾਰਾਂ ਅਤੇ ਰਿਸ਼ਤੇਦਾਰਾਂ ਕੋਲ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਪਰ ਲੜਕੀ ਬਾਰੇ ਕੋਈ ਸੁਰਾਗ ਹੱਥ ਨਾ ਲੱਗਾ। ਇਸ ਦੌਰਾਨ ਲੜਕੀ ਦੇ ਪਿਤਾ ਨੂੰ ਭਿਣਕ ਲੱਗੀ ਕਿ ਸਥਾਨਕ ਜੰਮੂ ਕਾਲੋਨੀ ਮਾਡਲ ਟਾਊਨ ਦਾ ਰਹਿਣ ਵਾਲਾ ਮੁਹੰਮਦ ਓਸਾਮਾ ਉਸ ਦੀ ਬੇਟੀ ਉੱਪਰ ਮਾੜੀ ਨਜ਼ਰ ਰੱਖਦਾ ਸੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਓਸਾਮਾ ਹੀ ਉਸ ਦੀ ਬੇਟੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਉਕਤ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਨਾਬਾਲਿਗ ਲੜਕੀ ਨੂੰ ਵਰਗਲਾਉਣ ਦੇ ਦੋਸ਼ 'ਚ ਮੁਹੰਮਦ ਓਸਾਮਾ ਖ਼ਿਲਾਫ਼ ਪਰਚਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।