ਜੇਐੱਨਐੱਨ, ਲੁਧਿਆਣਾ : ਪੁਰਾਣੀ ਰੰਜ਼ਿਸ਼ ਕਾਰਨ ਆਤਮ ਨਗਰ ਇਲਾਕੇ 'ਚ 10 ਲੋਕਾਂ ਨੇ ਸਕੂਟਰ ਸਵਾਰ ਨੂੰ ਰੋਕ ਕੇ ਉਸ 'ਤੇ ਹਮਲਾ ਕਰ ਦਿੱਤਾ। ਕੁੱਟਮਾਰ ਕਰ ਕੇ ਮੁਲਜ਼ਮਾਂ ਨੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਉਸ ਤੋਂ ਬਾਅਦ ਉਸ ਦੀ ਜੇਬ 'ਚੋਂ 1.80 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮਾਮਲੇ 'ਚ ਮਨਜੋਤ ਸਿੰਘ, ਭੋਲਾ ਸਿੰਘ, ਚੀਨਾ, ਧੱਤੂ, ਸੰਜੂ ਤੇ ਉਨ੍ਹਾਂ ਦੇ 5 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਉਕਤ ਕੇਸ ਗਿੱਲ ਰੋਡ ਸਥਿਤ ਕਲਸੀਆਂ ਵਾਲੀ ਗਲੀ ਵਾਸੀ ਰਮੇਸ਼ ਕਪੂਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ। ਆਪਣੇ ਬਿਆਨ 'ਚ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ। ਉਸੇ ਨੇ ਉਨ੍ਹਾਂ ਨੂੰ ਛੁਡਵਾਇਆ ਸੀ। ਪਰ ਮੁਲਜ਼ਮਾਂ ਦੇ ਮਨ 'ਚ ਸੀ ਕਿ ਸ਼ਾਇਦ ਉਸੇ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਵਾਇਆ ਸੀ। ਉਸੇ ਗੱਲ ਦੀ ਰੰਜ਼ਿਸ਼ ਕਾਰਨ ਉਨ੍ਹਾਂ ਲੋਕਾਂ ਨੇ 22 ਨਵੰਬਰ ਦੀ ਰਾਤ 8 ਵਜੇ ਉਸ ਨੂੰ ਉਦੋਂ ਘੇਰ ਲਿਆ ਜਦੋਂ ਉਹ ਸਕੂਟਰ 'ਤੇ ਸਵਾਰ ਹੋ ਕੇ ਕਰਤਾਰ ਨਗਰ ਤੋਂ ਮਨਜੀਤ ਨਗਰ ਵੱਲ ਜਾ ਰਿਹਾ ਸੀ। ਆਤਮ ਨਗਰ ਮੋੜ 'ਤੇ ਖੜ੍ਹੇ ਮੁਲਜ਼ਮਾਂ ਨੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਫ਼ਰਾਰ ਹੋ ਗਏ। ਇਲਾਜ ਲਈ ਉਸ ਨੂੰ ਸੀਐੱਮਸੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।