<

p> ਜੇਐੱਨਐੱਨ, ਲੁਧਿਆਣਾ : ਮੋਹਰ ਸਿੰਘ ਨਗਰ ਇਲਾਕੇ 'ਚ ਦੋ ਮੰਜ਼ਿਲਾ ਘਰ ਵੇਚਣ ਦੇ ਨਾਂ 'ਤੇ ਪਤੀ-ਪਤਨੀ ਤੇ ਉਸ ਦੇ ਦੋ ਪੁੱਤਰਾਂ ਨੇ ਇਕ ਵਿਅਕਤੀ ਨਾਲ 30 ਲੱਖ ਰੁਪਏ ਦੀ ਠੱਗੀ ਮਾਰ ਲਈ। ਹੁਣ ਥਾਣਾ ਡਵੀਜ਼ਨ ਨੰ. 3 ਦੀ ਪੁਲਿਸ ਨੇ ਚਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਏਐੱਸਆਈ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਮੋਹਰ ਸਿੰਘ ਨਗਰ ਵਾਸੀ ਪਰਮਜੀਤ ਕੌਰ, ਉਸ ਦੇ ਪਤੀ ਗੁਰਬਚਨ ਸਿੰਘ, ਪੁੱਤਰ ਗਗਨਦੀਪ ਸਿੰਘ ਤੇ ਅੰਮਿ੍ਤਪਾਲ ਸਿੰਘ ਵਜੋਂ ਹੋਈ। ਪੁਲਿਸ ਨੇ ਬਾੜੇਵਾਲ ਰੋਡ ਦੇ ਪੁਸ਼ਪ ਵਿਹਾਰ ਵਾਸੀ ਖੁਸ਼ਜੀਤ ਸਿੰਘ ਦੀ ਸ਼ਿਕਾਇਤ 'ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ। ਪੁਲਿਸ ਕਮਿਸ਼ਨਰ ਨੂੰ ਅਗਸਤ 2020 'ਚ ਦਿੱਤੀ ਸ਼ਿਕਾਇਤ 'ਚ ਖੁਸ਼ਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਕੋਲੋਂ ਮੋਹਰ ਸਿੰਘ ਨਗਰ ਦੀ ਗਲੀ ਨੰ. 7 'ਚ 100 ਵਰਗ ਗਜ ਦਾ ਦੋ ਮੰਜ਼ਿਲਾ ਘਰ 50 ਲੱਖ ਰੁਪਏ 'ਚ ਖਰੀਦਿਆ ਸੀ। ਜਿਸ 'ਚ ਬਿਆਨੇ ਦੇ ਤੌਰ 'ਤੇ 30 ਲੱਖ ਰੁਪਏ ਐਡਵਾਂਸ 'ਚ ਦੇ ਦਿੱਤੇ ਗਏ ਸਨ। ਪਰ ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਤੇ ਨਾ ਹੀ ਘਰ ਦੀ ਰਜਿਸਟਰੀ ਕਰਵਾ ਕੇ ਦਿੱਤੀ। ਮਾਮਲੇ ਦੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ। ਪੁਲਿਸ ਨੇ ਡੀਏ ਲੀਗਲ ਦੀ ਸਲਾਹ ਲੈਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।