ਸੰਜੀਵ ਗੁਪਤਾ, ਜਗਰਾਓਂ

ਕੋਵਿਡ-19 ਵੈਕਸੀਨ ਦਾ ਡਰਾਈ ਰਨ ਅੱਜ ਸਫਲਤਾਪੂਰਵਕ ਰਿਹਾ, ਜਿਸ ਦੇ ਨਾਲ ਹੀ ਜਗਰਾਓਂ ਸਿਵਲ ਹਸਪਤਾਲ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋ ਗਿਆ ਹੈ। ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਦੀਪ ਮਹਿੰਦਰਾ ਦੀ ਅਗਵਾਈ ਵਿਚ ਵੈਕਸੀਨੇਸ਼ਨ ਮੁਹਿੰਮ 'ਚ ਸ਼ਾਮਲ ਸਕਿਉਰਿਟੀ ਗਾਰਡ ਤੋਂ ਲੈ ਕੇ ਡਾਕਟਰਾਂ ਤਕ ਦੀ ਡਿਊਟੀ ਨੂੰ ਲੈ ਕੇ ਕਾਰਵਾਈ 'ਤੇ ਰੌਸ਼ਨੀ ਪਾਈ ਗਈ।

ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਹਸਪਤਾਲ ਦਾ 25 ਮੈਂਬਰੀ ਸਟਾਫ ਪੂਰੀ ਤਰ੍ਹਾਂ ਟਰੇਡ ਹੋ ਚੁੱਕਾ ਹੈ। ਇਹ ਸਟਾਫ ਰਜਿਸਟ੍ਰੇਸਨ ਤੋਂ ਲੈ ਕੇ ਵੈਕਸੀਨੇਸ਼ਨ ਦੀ ਪੂਰੀ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਨੇਪਰੇ ਚਾੜਣ ਲਈ ਤਿਆਰ ਹੈ। ਐੱਸਐੱਮਓ ਡਾ. ਮਹਿੰਦਰਾ ਨੇ ਕਿਹਾ ਕਿ ਡਰਾਈ ਰਨ ਵਿਚ ਹਦਾਇਤਾਂ ਅਨੁਸਾਰ ਕੋਵਿਡ-19 ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜਿ੍ਹਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਸਿਹਤ ਕਰਮਚਾਰੀਆਂ ਜਿਨ੍ਹਾਂ ਵਿਚ ਸਰਕਾਰੀ ਅਤੇ ਪ੍ਰਰਾਈਵੇਟ ਦੋਵੇਂ ਸ਼ਾਮਲ ਹੋਣਗੇ, ਨੂੰ ਟੀਕੇ ਲਗਾਏ ਜਾਣਗੇ। ਇਸ ਤੋਂ ਬਾਅਦ ਆਂਗਣਵਾੜੀ ਵਰਕਰ, 50 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਟੀਕੇ ਜਿਨ੍ਹਾਂ ਵੱਲੋਂ ਰਜਿਸਟ੍ਰੇਸਨ ਕਰਵਾਈ ਜਾਵੇਗੀ, ਉਨ੍ਹਾਂ ਦੇ ਲਗਾਏ ਜਾਣਗੇ। ਇਸ ਦੇ ਲਈ ਬਕਾਇਦਾ ਰੋਜ਼ ਟੀਕੇ ਲਗਾਉਣ ਦੀ ਗਿਣਤੀ ਤੈਅ ਕੀਤੀ ਜਾਵੇਗੀ ਅਤੇ ਉਸੇ ਗਿਣਤੀ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਸੱਦਿਆ ਜਾਵੇਗਾ। ਇਸ ਮੌਕੇ ਡਾ. ਸੁਰਿੰਦਰ ਸਿੰਘ, ਡਾ. ਸੁਮਿਤਾ ਸਹਿਦੇਵ, ਬਲਜਿੰਦਰ ਕੁਮਾਰ ਹੈਪੀ ਆਦਿ ਹਾਜ਼ਰ ਸਨ।