ਕੁਲਵਿੰਦਰ ਸਿੰਘ ਰਾਏ, ਖੰਨਾ

ਇੱਥੋਂ ਲੁਧਿਆਣੇ ਤੋਂ ਰੋਜ਼ਾਨਾ ਸੈਂਕੜੇ ਬੱਸਾਂ ਬਿਹਾਰ ਨੂੰ ਭਰ ਕੇ ਚਲਾਈਆਂ ਜਾ ਰਹੀਆਂ ਹਨ ਪਰ ਬੱਸਾਂ 'ਚ ਸਮਰੱਥਾ ਤੋਂ ਦੁੱਗਣੀਆਂ ਸਵਾਰੀਆਂ ਲੈ ਕੇ ਜਾਂਦੇ ਹਨ। ਭਾਵੇਂ ਕਿ ਕੇਂਦਰ ਸਰਕਾਰ ਨੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ 'ਚ ਕੁਝ ਨਰਮੀ ਕੀਤੀ ਹੈ ਪਰ ਇਸ ਨਰਮੀ ਦਾ ਕੁਝ ਲੋਕ ਨਾਜਾਇਜ਼ ਫ਼ਾਇਦਾ ਚੁੱਕ ਰਹੇ ਹਨ। ਬਿਹਾਰ ਨੂੰ ਜਾ ਰਹੀਆਂ ਬੱਸਾਂ 'ਚ ਪਰਵਾਸੀ ਮਜ਼ਦੂਰ ਆਪਣੇ ਘਰਾਂ ਦਰਭੰਗਾ, ਪਟਨਾ ਆਦਿ ਜ਼ਿਲਿ੍ਹਆਂ 'ਚ ਜਾ ਰਹੇ ਹਨ ਪਰ ਉਨ੍ਹਾਂ ਵਲੋਂ ਕੋਵਿਡ-19 ਦੇ ਨਿਯਮਾਂ ਦੀ ਪਰਵਾਹ ਨਹੀਂ ਕੀਤੀ ਜਾ ਰਹੀ। ਨਾ ਹੀ ਮਾਸਕ ਪਾਇਆ ਜਾਂਦਾ ਹੈ, ਨਾ ਹੀ ਸਮਾਜਿਕ ਦੂਰੀ ਦਾ ਖ਼ਿਆਲ ਰੱਖਿਆ ਜਾਂਦਾ ਹੈ ਤੇ ਨਾ ਹੀ ਬੱਸ ਮਾਲਕ ਵੱਲੋਂ ਬੱਸਾਂ ਤੇ ਸਵਾਰੀਆਂ ਨੂੰ ਸੈਨੀਟਾਈਜ਼ ਵੀ ਕਰਵਾਇਆ ਜਾ ਰਿਹਾ ਹੈ। ਇਕ ਸਵਾਰੀ ਦਾ ਕਿਰਾਇਆ ਤਿੰਨ ਹਜ਼ਾਰ ਦੇ ਕਰੀਬ ਦੱਸਿਆ ਜਾਂਦਾ ਹੈ ਜੋ ਖੜ੍ਹ ਕੇ ਸਵਾਰੀਆਂ ਜਾਂਦੀਆਂ ਹਨ ਉਨ੍ਹਾਂ ਤੋਂ ਦੋ ਹਜ਼ਾਰ ਰੁਪਿਆ ਲਿਆ ਜਾ ਰਿਹਾ ਹੈ।

-ਬੱਸਾਂ 'ਚ ਨਹੀਂ ਕੋਈ ਮੁੱਢਲਾ ਪ੍ਰਬੰਧ

ਬੱਸ ਅੱਡਾ ਖੰਨਾ 'ਚ ਖੜ੍ਹੀਆਂ ਕੁੱਝ ਬੱਸਾਂ 'ਚ ਦੇਖਿਆ ਤਾਂ ਕੋਵਿਡ-19 ਦੇ ਬਚਾਅ ਲਈ ਕੋਈ ਵੀ ਪ੍ਰਬੰਧ ਨਹੀਂ ਸੀ। ਨਾ ਹੀ ਬੱਸ 'ਚ ਸੈਨੀਟਾਈਜ਼ਰ ਸੀ ਤੇ ਨਾ ਹੀ ਮੁੱਢਲੀ ਡਾਕਟਰੀ ਦਾ ਕੋਈ ਪ੍ਰਬੰਧ ਸੀ। ਭਾਵ ਕਿ ਸਵਾਰੀਆਂ ਦੀ ਸੁਰੱਖਿਆ ਬੱਸ ਮਾਲਕਾਂ ਵੱਲੋਂ ਰੱਬ ਦੇ ਆਸਰੇ ਛੱਡੀ ਹੋਈ ਹੈ। ਇੱਥੋਂ ਤਕ ਕਿ ਬੱਸ 'ਚ ਪਾਣੀ ਦਾ ਵੀ ਪ੍ਰਬੰਧ ਨਜ਼ਰ ਨਹੀਂ ਆਇਆ। ਮਨੁੱਖਾਂ ਨੂੰ ਡੰਗਰਾਂ ਵਾਂਗ ਬੱਸਾਂ 'ਚ ਤੁੰਨਿਆ ਜਾ ਰਿਹਾ ਹੈ।

-ਅਧਿਕਾਰੀਆਂ ਦੇ ਦਫ਼ਤਰਾਂ ਦੇ ਨੇੜੇ-ਤੇੜੇ ਖੜ੍ਹਦੀਆਂ ਹਨ ਬੱਸਾਂ

ਰੋਜ਼ਾਨਾ ਹੀ ਇਹ ਬੱਸਾਂ ਜੀਟੀ ਰੋਡ ਤੋਂ ਗੁਜ਼ਰਦੀਆਂ ਹਨ। ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰ ਜਿਵੇਂ ਕਿ ਐੱਸਐੱਸਪੀ, ਏਡੀਸੀ, ਐੱਸਡੀਐੱਮ ਆਦਿ ਦਫ਼ਤਰ ਜੀਟੀ ਰੋਡ 'ਤੇ ਹੀ ਸਥਿਤ ਹਨ ਪਰ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਚੱਲ ਰਹੀਆਂ ਬੱਸਾਂ ਦਿਖਾਈ ਨਹੀਂ ਦੇ ਰਹੀਆਂ। ਇਸ ਤਰ੍ਹਾਂ ਬੱਸ ਮਾਲਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਮਨੁੱਖਤਾ ਦੀ ਸੁਰੱਖਿਆ ਦਾ ਘਾਣ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਦੀਆਂ ਗਾਈਡਲਾਈਨਾਂ ਦੀ ਪਾਲਣਾ ਬਾਰੇ ਜੋ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਯਾਦ ਨਹੀਂ ਹਨ।

ਬੱਸ ਡਰਾਈਵਰ ਨੇ ਦੱਸਿਆ ਕਿ ਖੰਨਾ ਤੋਂ ਪਟਨਾ ਸਾਹਿਬ, ਦਰਭੰਗਾ ਆਦਿ ਜ਼ਿਲ੍ਹੇ ਦਾ 50 ਘੰਟੇ ਤੋਂ ਵੱਧ ਦਾ ਸਫ਼ਰ ਹੈ। ਤੂੜੀ ਵਾਂਗ ਤੁੰਨੀਆਂ ਬੱਸ 'ਚ ਸਵਾਰੀਆਂ ਕਿਵੇਂ ਸਫ਼ਰ ਤੈਅ ਕਰਨਗੀਆਂ ਇਹ ਤਾਂ ਰੱਬ ਹੀ ਜਾਣਦਾ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਬਣਦਾ ਹੈ ਪਰ ਕੋਈ ਵੀ ਜਥੇਬੰਦੀ ਇਸ ਵੱਲ ਧਿਆਨ ਨਹੀਂ ਦੇ ਰਹੀ। ਪੰਜਾਬ 'ਚ ਕਈ ਮਨੁੱਖੀ ਅਧਿਕਾਰਾਂ ਦੇ ਨਾਂਅ 'ਤੇ ਜਥੇਬੰਦੀਆਂ ਬਣੀਆਂ ਹੋਈਆਂ ਹਨ ਪਰ ਉਨ੍ਹਾਂ ਦੇ ਲੀਡਰ ਸਿਰਫ਼ ਅਖ਼ਬਾਰੀ ਬਿਆਨਾਂ ਤਕ ਹੀ ਸੀਮਤ ਹਨ, ਅਮਲੀ ਤੌਰ 'ਤੇ ਕੁਝ ਨਹੀਂ ਕਰਦੇ।

ਆਰਟੀਓ ਸੰਦੀਪ ਸਿੰਘ ਨਾਲ ਮੋਬਾਈਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਅਟੈਂਡ ਨਹੀਂ ਕੀਤਾ। ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਬੱਸਾਂ ਨੂੰ ਚੈੱਕ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨਗੇ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।