ਕੁਲਵਿੰਦਰ ਸਿੰਘ ਰਾਏ, ਖੰਨਾ

ਖੰਨਾ ਸ਼ਹਿਰ ਤੇ ਆਸਪਾਸ ਦੇ ਪਿੰਡਾਂ ਲਈ ਐਤਵਾਰ ਨੂੰ ਚੰਗੀ ਸੂਚਨਾ ਆਈ ਹੈ। ਇਲਾਕੇ 7 ਕੋਰੋਨਾ ਪਾਜ਼ੇਟੀਵ ਮਾਮਲਿਆਂ ਸਾਹਮਣੇ ਆਉਣ ਦੇ ਨਾਲ ਚਿੰਤਾ ਦੀਆਂ ਲਕੀਰਾਂ ਹੁਣ ਰਾਹਤ 'ਚ ਬਦਲ ਗਈਆਂ ਹਨ। ਕੋਰੋਨਾ ਪਾਜ਼ੇਟਿਵ ਲੋਕਾਂ ਦੇ ਸੰਪਰਕ 'ਚ ਰਹੇ ਉਨ੍ਹਾਂ ਦੇ ਪਰਿਵਾਰ ਤੇ ਨਜ਼ਦੀਕੀ 35 ਲੋਕਾਂ ਦੀ ਰਿਪੋਰਟ ਐਤਵਾਰ ਨੂੰ ਨੈਗੇਟਿਵ ਆਈ ਹੈ। ਇੰਨ੍ਹਾਂ 'ਚ ਉਹ 12 ਪੁਲਸ ਮੁਲਾਜ਼ਮ ਵੀ ਸ਼ਾਮਿਲ ਹਨ, ਜਿੰਨ੍ਹਾਂ ਦੇ ਸ਼ਰਾਬ ਫੈਕਟਰੀ ਮਾਮਲੇ 'ਚ ਮੁਲਾਜ਼ਮਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਸੈਂਪਲ ਲਈ ਗਏ ਸਨ। ਇਸ ਦੇ ਨਾਲ ਹੀ ਕੋਈ ਨਵਾਂ ਕੇਸ ਵੀ ਨਹੀਂ ਆਇਆ।

ਦੱਸਣਯੋਗ ਹੈ ਕਿ ਸਾਰੇ 35 ਲੋਕਾਂ ਦੇ ਸੈਂਪਲ ਸ਼ਨਿਚਰਵਾਰ ਨੂੰ ਲਏ ਗਏ ਸਨ। ਜਿਸ 'ਚ ਖੰਨਾ ਦੀ ਗਊਸ਼ਾਲਾ ਰੋਡ ਸਥਿਤ 60 ਸਾਲ ਦੀ ਅੌਰਤ, ਪਿੰਡ ਭੁਮੱਦੀ ਦੇ 35 ਸਾਲ ਦੇ ਕੰਬਾਈਨ ਚਾਲਕ ਦੇ ਪਰਿਵਾਰ ਦੇ ਮੈਂਬਰ ਤੇ ਨਜ਼ਦੀਕੀ ਸ਼ਾਮਿਲ ਸਨ। ਇਸਦੇ ਨਾਲ ਹੀ ਸੀਆਈਏ ਸਟਾਫ਼ ਦਾ ਜਿਆਦਾਤਰ ਸਟਾਫ਼ ਵੀ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਦੇ ਮੁਨੀਮ ਦੇ ਸੰਪਰਕ 'ਚ ਰਹਿਣ ਦੇ ਕਾਰਨ ਸ਼ੱਕ ਦੀ ਸੂਚੀ 'ਚ ਆ ਗਿਆ ਸੀ।

ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਸਾਰੇ 35 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੁਲਿਸ ਕਰਮੀਆਂ ਨੂੰ ਮਿਲਾ ਕੇ 35 ਲੋਕਾਂ ਦੇ ਸੈਂਪਲ ਭੇਜੇ ਗਏ ਹਨ। ਸ਼ਨਿਚਰਵਾਰ ਨੂੰ ਪਹਿਲਾਂ ਭੇਜੇ ਗਏ ਕਰੀਬ 20 ਸੈਂਪਲਾਂ ਦੀ ਰਿਪੋਰਟ ਫਿਲਹਾਲ ਆਉਣੀ ਬਾਕੀ ਹੈ।

----

ਅੌਰਤ ਤੇ ਮੁਨੀਮ ਦੇ ਕੋਰੋਨਾ ਸਪੰਰਕ ਦਾ ਨਹੀਂ ਪਤਾ ਲੱਗਿਆ

ਗਊਸ਼ਾਲਾ ਰੋਡ ਦੀ ਰਹਿਣ ਵਾਲੀ ਅੌਰਤ ਤੇ ਨਕਲੀ ਸ਼ਰਾਬ ਫੈਕਟਰੀ 'ਚ ਮੁਲਜ਼ਮ ਮੁਨੀਮ ਦੇ ਕੋਰੋਨਾ ਸੰਪਰਕ 'ਚ ਆਉਣ ਦਾ ਸੋਰਸ ਨਹੀਂ ਪਤਾ ਲੱਗਿਆ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਸੰਪਰਕ ਦਾ ਪਤਾ ਕਰਨ ਲਈ ਉਹ ਲਗਾਤਾਰ ਪੀੜ੍ਹਤਾਂ ਨਾਲ ਗੱਲਬਾਤ ਕਰ ਰਹੇ ਹੈ ਪਰ ਹੁਣ ਤੱਕ ਸਫ਼ਲਤਾ ਨਹੀਂ ਮਿਲੀ ਹੈ।

---

ਸ਼ਹਿਰ ਤੇ ਪੁਲਿਸ ਲਈ ਰਾਹਤ ਦੀ ਖ਼ਬਰ : ਐੱਸਐੱਸਪੀ

ਐੱਸਐੱਸਪੀ ਖੰਨਾ ਹਰਪ੍ਰਰੀਤ ਸਿੰਘ ਨੇ ਕਿਹਾ ਕਿ ਇਹ ਖੰਨਾ ਸ਼ਹਿਰ ਤੇ ਖੰਨਾ ਪੁਲਿਸ ਲਈ ਰਾਹਤ ਦੀ ਖ਼ਬਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣ ਕਰੋ। ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਕਰੋ। ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸਖ਼ਤੀ ਲੋਕਾਂ ਦੀ ਭਲਾਈ ਲਈ ਹੀ ਹੈ।