ਪੱਤਰ ਪ੍ਰਰੇਰਕ, ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਕਵੀ ਦਰਬਾਰ ਵਿਚ 31 ਸਿਰਕੱਢ ਪੰਜਾਬੀ ਕਵੀ ਭਾਗ ਲੈਣਗੇ। ਇਹ ਜਾਣਕਾਰੀ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ 4 ਘੰਟੇ ਚੱਲੀ ਮੀਟਿੰਗ ਉਪਰੰਤ ਮੀਡੀਆ ਨਾਲ ਲਿਖਤੀ ਬਿਆਨ ਰਾਹੀਂ ਸਾਂਝੀ ਕਰਦਿਆਂ ਸ੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਨਾਮਜ਼ਦ ਕਵੀ ਦਰਬਾਰ ਕਮੇਟੀ ਦੇ ਸੀਨੀਅਰ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਦੱਸਿਆ ਕਿ ਇਹ ਕਵੀ ਦਰਬਾਰ 9 ਨਵੰਬਰ ਰਾਤੀਂ 10 ਵਜੇ ਤੋਂ ਪ੍ਰਭਾਤ ਵੇਲੇ ਤੀਕ ਮੁੱਖ ਪੰਡਾਲ 'ਚ ਹੋਵੇਗਾ ਜਿਸ ਨੂੰ ਦੇਸ਼ ਵਿਦੇਸ਼ ਦੇ ਚੈਨਲ ਲਾਈਵ ਪ੍ਰਸਾਰਿਤ ਕਰਨਗੇ। ਬੱਪੀਆਣਾ ਨੇ ਦੱਸਿਆ ਕਿ ਇਸ ਕਵੀ ਦਰਬਾਰ ਤੋਂ ਪਹਿਲਾਂ ਤਿੰਨ ਖੇਤਰੀ ਕਵੀ ਦਰਬਾਰ ਕੀਰਤਪੁਰ ਸਾਹਿਬ (ਰੋਪੜ) ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਕਰਵਾਏ ਗਏ ਸਨ, ਜਿਨ੍ਹਾਂ ਦੀ ਪਾਰਖੂਆਂ ਨੇ ਬੜੀ ਬਾਰੀਕੀ ਨਾਲ ਚੋਣ ਕੀਤੀ ਹੈ। ਇਨ੍ਹਾਂ ਕਵੀ ਦਰਬਾਰਾਂ ਦੀ ਨਿਗਰਾਨੀ ਕਵੀ ਦਰਬਾਰ ਸਬ-ਕਮੇਟੀ ਦੇ ਮੈਂਬਰਾਂ ਨੇ ਕੀਤੀ ਅਤੇ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਜੱਜ ਰੱਖ ਕੇ ਨਿਰਣਾ ਲਿਆ ਗਿਆ। ਇਨ੍ਹਾਂ ਕਵੀਆਂ ਤੋਂ ਇਲਾਵਾ ਕੁਝ ਸਿਰਕੱਢ ਕਵੀ ਹੋਰ ਵੀ ਦੇਸ਼ ਵਿਦੇਸ਼ ਤੋਂ ਸ਼ਾਮਲ ਕਰ ਕੇ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿਚ ਗੁਲਦਸਤਾ ਪਿਰੋਇਆ ਹੈ। ਲਗਪਗ ਸਾਰੇ ਸਿਰਕੱਢ ਕਵੀਆਂ ਦੀ ਸਹਿਮਤੀ ਲੈ ਲਈ ਗਈ ਹੈ। ਮੀਟਿੰਗ ਉਪਰੰਤ ਗੁਰਦਵਾਰਾ ਆਲਮਗੀਰ ਸਾਹਿਬ ਦੇ ਮੁੱਖ ਪ੍ਰਬੰਧਕ ਰੇਸ਼ਮ ਸਿੰਘ ਨੇ ਕਵੀ ਦਰਬਾਰ ਸਬ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਗੁਰ ਘਰ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਕਰ ਕੇ ਕਿਰਤਾਰਥ ਕੀਤਾ। ਕਵੀ ਦਰਬਾਰ ਸਬ ਕਮੇਟੀ ਦੀ ਅੱਜ ਗੁਰਦੁਆਰਾ ਆਲਮਗੀਰ ਸਾਹਿਬ ਲੁਧਿਆਣਾ ਵਿਖੇ ਇਕੱਤਰਤਾ ਹੋਈ ਜਿਸ 'ਚ ਡੂੰਘੀ ਵਿਚਾਰ ਚਰਚਾ ਉਪਰੰਤ 31 ਕਵੀਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ। ਅੱਜ ਦੀ ਇਕੱਤਰਤਾ ਵਿੱਚ ਮਨਜੀਤ ਸਿੰਘ ਬੱਪੀਆਣਾ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰਰੋ. ਗੁਰਭਜਨ ਸਿੰਘ ਗਿੱਲ, ਉੱਘੇ ਲੇਖਕ ਤੇ ਗਾਇਕ ਰਛਪਾਲ ਸਿੰਘ ਪਾਲ ਜਲੰਧਰ ਤੇ ਕਨਵੀਨਰ ਪ੍ਰਰੋ. ਸੁਖਦੇਵ ਸਿੰਘ ਐਡੀਸ਼ਨਲ ਸਕੱਤਰ ਧਰਮ ਪ੍ਰਚਾਰ ਕਮੇਟੀ ਸ਼ਾਮਲ ਹੋਏ।