ਬਸੰਤ ਸਿੰਘ ਰੋੜੀਆਂ, ਲੁਧਿਆਣਾ : ਲੋਕਾਂ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਲਾਕਡਾਊਨ ਦੇ ਬਾਵਜੂਦ ਵੀ ਲੋਕ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 1460 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 28 ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਕੋਰੋਨਾ ਵਾਇਰਸ ਦੇ ਅੰਕੜਿਆਂ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ 'ਚ ਦਾਖ਼ਲ 28 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ 1460 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ 'ਚ 20 ਜਣੇ ਜ਼ਿਲ੍ਹਾ ਲੁਧਿਆਣਾ, 1 ਜ਼ਿਲ੍ਹਾ ਮਾਨਸਾ, 1 ਜ਼ਿਲ੍ਹਾ ਗੁਰਦਾਸਪੁਰ, 1 ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, 1 ਜ਼ਿਲ੍ਹਾ ਿਫ਼ਰੋਜ਼ਪੁਰ, 1 ਮੌਤ ਬਿਹਾਰ, 1 ਮੌਤ ਹਿਮਾਚਲ ਪ੍ਰਦੇਸ਼ ਅਤੇ 2 ਮੌਤਾਂ ਦਿੱਲੀ ਨਾਲ ਸਬੰਧਤ ਹਨ।

ਜ਼ਿਲ੍ਹਾ ਲੁਧਿਆਣਾ ਦੇ ਕਿਹੜੇ ਇਲਾਕਿਆਂ ਨਾਲ ਸਬੰਧਤ ਹਨ ਮਿ੍ਤਕ

ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ 28 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਮਿ੍ਤਕਾਂ 'ਚ 20 ਜਣੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ, ਜਿਨ੍ਹਾਂ 'ਚ ਜੰਮੂ ਕਾਲੋਨੀ ਦੇ ਰਹਿਣ ਵਾਲੇ 57 ਸਾਲਾ ਵਿਅਕਤੀ ਦੀ ਮੌਤ ਫੋਰਟਿਸ ਹਸਪਤਾਲ, ਜਗਰਾਓਂ ਦੇ ਰਹਿਣ ਵਾਲੇ 72 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ, ਲੁਹਾਰਾਂ ਦੇ ਰਹਿਣ ਵਾਲੇ 58 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ, ਗੁਰੂ ਨਾਨਕ ਨਗਰ ਦੀ ਰਹਿਣ ਵਾਲੀ 62 ਸਾਲਾ ਅੌਰਤ ਦੀ ਮੌਤ ਆਸਥਾ ਹਸਪਤਾਲ, ਦੋਰਾਹਾ ਦੀ ਰਹਿਣ ਵਾਲੀ 33 ਸਾਲਾ ਅੌਰਤ ਦੀ ਮੌਤ ਸਿੱਧੂ ਹਸਪਤਾਲ ਦੋਰਾਹਾ, ਸਾਹਨੇਵਾਲ ਦੇ ਰਹਿਣ ਵਾਲੇ 40 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ, ਮਹਾਜਨ ਬਿਹਾਰ ਦੇ ਰਹਿਣ ਵਾਲੇ 28 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ, ਸੀਐੱਚਡੀ ਰੋਡ ਲੁਧਿਆਣਾ ਦੇ ਰਹਿਣ ਵਾਲੇ 60 ਸਾਲਾ ਵਿਅਕਤੀ ਦੀ ਮੌਤ ਮੈਡੀ ਦਯਾਨੰਦ ਹਸਪਤਾਲ, ਬਾੜੇਵਾਲ ਦੇ ਰਹਿਣ ਵਾਲੇ 51 ਸਾਲਾ ਵਿਅਕਤੀ ਦੀ ਮੌਤ ਮੈਡੀਵੇਜ਼ ਹਸਪਤਾਲ, ਪੇ੍ਮ ਨਗਰ ਦੇ ਰਹਿਣ ਵਾਲੇ 75 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ, ਗਿਆਸਪੁਰਾ ਦੀ ਰਹਿਣ ਵਾਲੀ 40 ਸਾਲਾ ਅੌਰਤ ਦੀ ਮੌਤ ਸਿਵਲ ਹਸਪਤਾਲ, ਹੈਬੋਵਾਲ ਕਲਾਂ ਦੇ ਰਹਿਣ ਵਾਲੀ 70 ਸਾਲਾ ਅੌਰਤ ਦੀ ਮੌਤ ਫੋਰਟਿਸ ਹਸਪਤਾਲ, ਤਾਜਪੁਰ ਰੋਡ ਦੀ ਰਹਿਣ ਵਾਲੀ 46 ਸਾਲਾ ਅੌਰਤ ਦੀ ਮੌਤ ਸਿਵਲ ਹਸਪਤਾਲ, ਜਨਤਾ ਨਗਰ ਦੇ ਰਹਿਣ ਵਾਲੇ 64 ਸਾਲਾ ਵਿਅਕਤੀ ਦੀ ਮੌਤ ਸ਼੍ਰੀ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ, ਆਕਾਸ਼ ਨਗਰ ਦੇ ਰਹਿਣ ਵਾਲੇ 50 ਸਾਲਾ ਵਿਅਕਤੀ ਦੀ ਮੌਤ ਸਿਵਲ ਹਸਪਤਾਲ, ਪਿੰਡ ਪੰਮਿਆ ਦੇ ਰਹਿਣ ਵਾਲੇ 60 ਸਾਲਾ ਵਿਅਕਤੀ ਦੀ ਮੌਤ ਲਾਈਫ ਲਾਈਨ ਹਸਪਤਾਲ, ਦੋਰਾਹਾ ਦੇ ਰਹਿਣ ਵਾਲੇ 54 ਸਾਲਾ ਵਿਅਕਤੀ ਦੀ ਮੌਤ ਸਿੱਧੂ ਹਸਪਤਾਲ ਦੋਰਾਹਾ, ਵਿਕਾਸ ਨਗਰ ਦੇ ਰਹਿਣ ਵਾਲੇ 67 ਸਾਲਾ ਵਿਅਕਤੀ ਦੀਪ ਹਸਪਤਾਲ, ਕੈਲਾਸ਼ ਨਗਰ ਚ ਰਹਿਣ ਵਾਲੇ 62 ਸਾਲਾ ਵਿਅਕਤੀ ਦੀ ਮੌਤ ਮੋਹਨ ਦੇਈ ਕੈਂਸਰ ਹਸਪਤਾਲ ਤੇ ਜੰਮੂ ਕਾਲੋਨੀ ਦੇ ਰਹਿਣ ਵਾਲੇ 57 ਸਾਲਾ ਵਿਅਕਤੀ ਦੀ ਮੌਤ ਫੋਰਟਿਸ ਹਸਪਤਾਲ ਵਿਚ ਹੋਈ ਹੈ।

ਲੋਕ ਸ਼ਰੇਆਮ ਉਡਾ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ

ਕੋਰੋਨਾ ਵਾਇਰਸ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਆਪਣਾ ਘਾਤਕ ਰੂਪ ਅਖ਼ਤਿਆਰ ਕਰਦਾ ਹੈ, ਪਰ ਲੋਕ ਸਰਕਾਰੀ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ ਪ੍ਰਸ਼ਾਸਨ ਵੱਲੋਂ ਲਾਕਡਾਊਨ ਲਗਾਏ ਜਾਣ ਦੇ ਬਾਵਜੂਦ ਵੀ ਲੋਕ ਸ਼ਰ੍ਹੇਆਮ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਪੰਜਾਬੀ ਜਾਗਰਣ ਵੱਲੋਂ ਸ਼ਹਿਰ ਦੇ ਕਈ ਇਲਾਕਿਆਂ ਨਿਰੀਖਣ ਕਰਨ ਤੇ ਸਾਹਮਣੇ ਆਇਆ ਕਿ ਸ਼ਹਿਰ ਦੇ ਲੋਕਾਂ ਤੇ ਲੋਕ ਲਾਕਡਾਊਨ ਦਾ ਕੋਈ ਅਸਰ ਨਹੀਂ ਹੈ। ਦੱਸਣਾ ਬਣਦਾ ਹੈ ਜਦ ਸਮਾਜ ਦਾ ਇਕ ਇਕ ਵਿਅਕਤੀ ਕੋਰੋਨਾ ਨੂੰ ਲੈ ਕੇ ਚਿੰਤਤ ਨਹੀਂ ਹੁੰਦਾ ਉਦੋਂ ਤਕ ਕੋਰੋਨਾ ਵਾਇਰਸ ਦੇ ਮਾਮਲਿਆਂ 'ਤੇ ਕਾਬੂ ਪਾਉਣਾ ਅਸੰਭਵ ਹੈ।

ਐਕਟਿਵ ਮਰੀਜ਼ 10 ਹਜ਼ਾਰ ਤੋਂ ਪਾਰ, ਆਕਸੀਜਨ ਸਪਲਾਈ ਦੀ ਮੰਗ ਵੱਧ ਕੇ ਪਹੁੰਚੀ 3400 ਸਿਲੰਡਰ

ਲੁਧਿਆਣਾ 'ਚ ਕੋਰੋੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ, ਜਿਸ 'ਚ 1800 ਤੋਂ ਵੱਧ ਮਰੀਜ਼ ਹਸਪਤਾਲਾਂ 'ਚ ਦਾਖ਼ਲ ਹਨ। ਹਸਪਤਾਲਾਂ 'ਚ ਮਰੀਜ਼ਾਂ ਦੀ ਲਗਾਤਾਰ ਵੱਧਦੀ ਗਿਣਤੀ ਕਾਰਨ ਆਕਸੀਜਨ ਸਿਲੰਡਰਾਂ ਦੀ ਡਿਮਾਂਡ 3400 ਸਿਲੰਡਰਾਂ ਤਕ ਪਹੁੰਚ ਗਈ ਹੈ। ਚੰਗੀ ਗੱਲ ਇਹ ਹੈ ਕਿ ਲੁਧਿਆਣਾ 'ਚ ਆਕਸੀਜਨ ਦੀ ਸਪਲਾਈ ਡਿਮਾਂਡ ਨਾਲੋਂ ਵੱਧ ਹੈ। 10 ਦਿਨ ਪਹਿਲਾਂ ਜਿਥੇ ਆਕਸੀਜਨ ਦੀ ਮੰਗ 2000 ਸਿਲੰਡਰ ਪ੍ਰਤੀ ਦਿਨ ਸੀ, ਉਥੇ ਹੀ ਹੁਣ ਮੰਗ 3400 ਤਕ ਪਹੁੰਜ ਗਈ ਹੈ। ਮੰਗਲਵਾਰ ਨੂੰ 120 ਸਿਲੰਡਰ ਅੰਮਿ੍ਤਸਰ ਤੇ 50 ਸਿਲੰਡਰ ਤਰਨਤਾਰਨ ਭੇਜੇ ਗਏ।