ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸ਼ਰਾਬ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਂਦਿਆਂ ਨਕਾਬਪੋਸ਼ ਬਦਮਾਸ਼ਾਂ ਨੇ ਸ਼ਟਰ ਉਖਾੜ ਕੇ ਅੰਦਰੋਂ ਸ਼ਰਾਬ ਦੀਆਂ 24 ਪੇਟੀਆਂ ਲੁੱਟ ਲਈਆਂ। ਤਿੰਨ ਮਿੰਟ 'ਚ ਗੋਦਾਮ ਦਾ ਸ਼ਟਰ ਉਖਾੜਨ ਤੋਂ ਬਾਅਦ ਬਦਮਾਸ਼ ਇਨੋਵਾ ਕਾਰ ਵਿੱਚ ਸ਼ਰਾਬ ਲੱਦ ਕੇ ਫ਼ਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਜੌਹਰ ਸਿੰਘ ਦੇ ਬਿਆਨਾਂ ਉੱਪਰ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੌਹਰ ਸਿੰਘ ਨੇ ਦੱਸਿਆ ਕਿ ਉਹ ਟਰਟਲ ਵਿਕ ਪ੍ਰਾਈਵੇਟ ਲਿਮਟਿਡ ਕੰਪਨੀ 'ਚ ਬਤੌਰ ਮੈਨੇਜਰ ਕੰਮ ਕਰਦੇ ਹਨ। ਸੱਗੂ ਚੌਕ 'ਚ ਉਨ੍ਹਾਂ ਦੀ ਕੰਪਨੀ ਦਾ ਸ਼ਰਾਬ ਦਾ ਠੇਕਾ ਹੈ ਤੇ ਠੇਕੇ ਦੇ ਬਿਲਕੁਲ ਨਾਲ ਗੋਦਾਮ ਹੈ। ਰਾਤ ਗਿਆਰਾਂ ਵਜੇ ਦੇ ਕਰੀਬ ਕਰਿੰਦਾ ਗਿਰਧਾਰੀ ਲਾਲ ਠੇਕਾ ਬੰਦ ਕਰਕੇ ਅੰਦਰ ਸੌਂ ਗਿਆ। ਇਸੇ ਦੌਰਾਨ ਇਨੋਵਾ ਕਾਰ 'ਤੇ ਸਵਾਰ ਹੋ ਕੇ ਕੁਝ ਬਦਮਾਸ਼ ਆਏ। ਤੇਜ਼ਤਰਾਰ ਬਦਮਾਸ਼ਾਂ ਨੇ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਸਿਰਫ਼ ਤਿੰਨ ਮਿੰਟਾਂ ਵਿੱਚ ਗੋਦਾਮ ਦਾ ਸ਼ਟਰ ਤੋੜਿਆ ਤੇ ਅੰਦਰੋਂ ਮਹਿੰਗੀ ਸ਼ਰਾਬ ਦੀਆਂ ਤਕਰੀਬਨ 24 ਪੇਟੀਆਂ ਚੋਰੀ ਕਰ ਲਈਆਂ।

ਸੀਸੀਟੀਵੀ ਕੈਮਰੇ 'ਚ ਕੈਦ ਹੋਈ ਵਾਰਦਾਤ ਦੀਆਂ ਤਸਵੀਰਾਂ

ਕੁਝ ਸਮੇਂ ਬਾਅਦ ਜਦ ਗਿਰਧਾਰੀ ਲਾਲ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਗੋਦਾਮ ਦਾ ਸ਼ਟਰ ਟੁੱਟਾ ਹੋਇਆ ਸੀ। ਉਸ ਨੇ ਇਸ ਦੀ ਜਾਣਕਾਰੀ ਮੈਨੇਜਰ ਤੇ ਪੁਲਿਸ ਨੂੰ ਦਿੱਤੀ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ। ਪੜਤਾਲ ਦੌਰਾਨ ਠੇਕੇ ਦੇ ਬਾਹਰ ਲੱਗੇ ਕੈਮਰੇ ਦੀ ਫੁਟੇਜ ਵਿਚ ਇਕ ਨਕਾਬਪੋਸ਼ ਵਿਅਕਤੀ ਰੈਕੀ ਕਰਦਾ ਨਜ਼ਰ ਆਇਆ ਪਰ ਕੁਝ ਸਮੇਂ ਬਾਅਦ ਉਸ ਨੇ ਠੇਕੇ ਦੇ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ। ਤਫਤੀਸ਼ ਕਰਨ 'ਤੇ ਪੁਲਿਸ ਨੇ ਥੋੜ੍ਹੀ ਦੂਰ ਲੱਗੇ ਇੱਕ ਹੋਰ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਤੋਂ ਵੱਧ ਵਿਅਕਤੀ ਸਨ। ਬਦਮਾਸ਼ਾਂ ਨੇ ਵਾਰਦਾਤ ਕਰਨ ਲਈ ਇਨੋਵਾ ਕਾਰ ਦੀ ਵਰਤੋਂ ਕੀਤੀ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਏਰੀਆ ਮੈਨੇਜਰ ਜੌਹਰ ਸਿੰਘ ਦੇ ਬਿਆਨਾਂ ਉਪਰ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਬਦਮਾਸ਼ਾਂ ਦੀ ਤਲਾਸ਼ ਕਰ ਰਹੀ ਹੈ।

Posted By: Amita Verma