ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਜਾਅਲੀ ਨੋਟ ਛਾਪਣ ਵਾਲੇ ਦੋ ਨੌਜਵਾਨਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ 22 ਲੱਖ 60 ਹਜ਼ਾਰ 600 ਰੁਪਏ ਦੇ ਜਾਅਲੀ ਨੋਟ ਬਰਾਮਦ ਹੋਏ ਹਨ। ਡੀਸੀਪੀ ਕ੍ਰਾਈਮ ਸਿਮਰਤਪਾਲ ਸਿੰਘ ਢੀਂਡਸਾ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਪਿੰਡ ਤਾਜਪੁਰ ਥਾਣਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਾਸੀ ਵਿੱਕੀ ਤੇ ਨਿਊ ਦਸਮੇਸ਼ ਨਗਰ ਇਯਾਲੀ ਖੁਰਦ ਦੇ ਰਹਿਣ ਵਾਲੇ ਸਾਹਿਲ ਪੁਹਾਲ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਲੈਪਟਾਪ, ਪ੍ਰਿੰਟਰ ਤੋਂ ਇਲਾਵਾ ਇਕ ਲੈਮੀਨੇਟ ਮਸ਼ੀਨ, 2 ਮੋਬਾਈਲ, ਤਿੰਨ ਕਟਰ, ਅੱਠ ਸਿਆਹੀ ਟਿਊਬਾਂ, ਥਿਨਰ, ਤੇਜ਼ਾਬ, ਦੋ ਟੇਪ ਰੋਲ, 19 ਕੈਮੀਕਲ ਪਾਊਚ ਤੇ ਦੋ ਸਕੇਲ ਬਰਾਮਦ ਕੀਤੇ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਡੀਸੀਪੀ ਕ੍ਰਾਈਮ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਤੇ ਕ੍ਰਾਈਮ ਬ੍ਰਾਂਚ ਤਿੰਨ ਦੀ ਟੀਮ ਨੂੰ ਸੂਚਨਾ ਮਿਲੀ ਕਿ ਵਿੱਕੀ ਤੇ ਸਾਹਿਲ ਰਾਏਕੋਟ ਇਲਾਕੇ 'ਚ ਜਾਅਲੀ ਨੋਟ ਛਾਪਣ ਦਾ ਕਾਲਾ ਕਾਰੋਬਾਰ ਕਰਦੇ ਹਨ। ਮੁਲਜ਼ਮ ਲੁਧਿਆਣਾ 'ਚ ਨਕਲੀ ਨੋਟਾਂ ਦੀ ਡਲਿਵਰੀ ਦੇਣ ਆਏ ਹਨ। ਅਰੋੜਾ ਪੈਲੇਸ ਨਜ਼ਦੀਕ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ। ਪੁਲਿਸ ਨੇ ਜਦੋਂ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ 22 ਲੱਖ 60 ਹਜ਼ਾਰ 600 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਮੁਲਜ਼ਮਾਂ ਨੇ 500 ਅਤੇ 2 ਹਜ਼ਾਰ ਦੇ ਨਕਲੀ ਨੋਟਾਂ ਨੂੰ ਬੜੀ ਹੀ ਸਫਾਈ ਨਾਲ ਤਿਆਰ ਕੀਤਾ ਸੀ।

ਯੂ-ਟਿਊਬ ਜ਼ਰੀਏ ਸਿੱਖੇ ਨਕਲੀ ਨੋਟ ਛਾਪਣੇ

ਡੀਸੀਪੀ ਕ੍ਰਾਈਮ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਜਦ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਦੋਵੇਂ ਦਇਆਨੰਦ ਹਸਪਤਾਲ ਦੀ ਲਾਂਡਰੀ 'ਚ ਕੰਮ ਕਰਦੇ ਹਨ। ਵੱਧ ਪੈਸੇ ਕਮਾਉਣ ਦੇ ਚੱਕਰ 'ਚ ਮੁਲਜ਼ਮਾਂ ਨੇ ਨਕਲੀ ਨੋਟ ਛਾਪਣ ਦੀ ਵਿਉਂਤ ਘੜੀ ਤੇ ਇਸ ਲਈ ਉਨ੍ਹਾਂ ਨੇ ਯੂ-ਟਿਊਬ ਦਾ ਸਹਾਰਾ ਲਿਆ ਤੇ ਨਕਲੀ ਨੋਟ ਛਾਪੇ। ਮੁਲਜ਼ਮਾਂ ਨੇ ਨਕਲੀ ਨੋਟ ਛਾਪਣ ਦੀ ਸਾਰੀ ਜਾਣਕਾਰੀ ਯੂ-ਟਿਊਬ ਤੋਂ ਹਾਸਲ ਕੀਤੀ ।

ਕੁਮੈਂਟ ਬਾਕਸ 'ਚੋਂ ਮਿਲਿਆ 'ਪਲੈਨਰ'

ਪੁਲਿਸ ਨੇ ਜਦੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਸ ਵੇਲੇ ਉਹ ਯੂ-ਟਿਊਬ ਜ਼ਰੀਏ ਨਕਲੀ ਨੋਟ ਛਾਪਣ ਦੀ ਜਾਣਕਾਰੀ ਹਾਸਲ ਕਰ ਰਹੇ ਸਨ। ਇਸੇ ਦੌਰਾਨ ਕੁਮੈਂਟ ਬਾਕਸ ਵਿਚ ਉਨ੍ਹਾਂ ਨੂੰ ਛੱਤੀਸਗੜ੍ਹ ਦੇ ਇਕ ਵਿਅਕਤੀ (ਪਲੈਨਰ) ਦਾ ਨੰਬਰ ਮਿਲਿਆ। ਮੁਲਜ਼ਮਾਂ ਨੇ ਜਦ ਉਸ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਨਕਲੀ ਨੋਟਾਂ ਦੀ ਛਪਾਈ ਕਰਨ ਦੀ ਪਲੈਨਿੰਗ ਦੱਸੀ।

ਤਿੰਨ ਹਜ਼ਾਰ ਦੇ ਬਦਲੇ ਮਿਲਦੇ ਸਨ 1 ਹਜ਼ਾਰ ਰੁਪਏ

ਪੁਲਿਸ ਮੁਤਾਬਕ ਛੱਤੀਸਗੜ੍ਹ ਦੇ ਵਿਅਕਤੀ ਨੇ ਮੁਲਜ਼ਮਾਂ ਦੇ ਨਾਲ ਰਲ ਕੇ ਕੰਮ ਕਰਨ ਦੀ ਗੱਲ ਕਹੀ। ਛੱਤੀਗੜ੍ਹ ਵਿਚ ਬੈਠੇ ਵਿਅਕਤੀ ਨੇ ਫ਼ੋਨ ਜ਼ਰੀਏ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਤਿੰਨ ਹਜ਼ਾਰ ਰੁਪਏ ਦੇ ਨਕਲੀ ਨੋਟਾਂ ਦੇ ਬਦਲੇ ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਦੇ ਅਸਲੀ ਨੋਟ ਦੇਣ ਦੀ ਗੱਲ ਕਹੀ । ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਛੱਤੀਸਗੜ੍ਹ 'ਚ ਬੈਠਾ ਵਿਅਕਤੀ ਉਨ੍ਹਾਂ ਕੋਲ ਹਰ ਵਾਰ ਇਕ ਨਵਾਂ ਵਿਅਕਤੀ ਭੇਜਦਾ ਸੀ ਤੇ ਨਕਲੀ ਨੋਟ ਹਾਸਲ ਕਰ ਕੇ ਉਨ੍ਹਾਂ ਨੂੰ ਅਸਲੀ ਨੋਟ ਦੇ ਦਿੰਦਾ। ਮੁਲਜ਼ਮਾਂ ਨੇ ਦੱਸਿਆ ਕਿ ਉਹ ਹੁਣ ਤਕ 5 ਲੱਖ ਰੁਪਏ ਦੇ ਨਕਲੀ ਨੋਟ ਮਾਰਕੀਟ 'ਚ ਭੇਜ ਚੁੱਕੇ ਹਨ। ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ, ਇਸ ਮਾਮਲੇ ਦੇ ਹੋਰ ਖੁਲਾਸੇ ਵੀ ਹੋਣਗੇ।