ਜਾਸ, ਲੁਧਿਆਣਾ : ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਦੋ ਥਾਵਾਂ 'ਤੇ ਕਾਰਵਾਈ ਕਰਦੇ ਹੋਏ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ, ਮੋਟਰਸਾਈਕਲ, ਇਲੈਕਟ੍ਰਾਨਿਕ ਕੰਡਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ

ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਕੋਛੜ ਮੰਡੀ ਕੋਲ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਦੇ ਕਬਜ਼ੇ 'ਚੋਂ 280 ਗ੍ਰਾਮ ਹੈਰੋਇਨ ਅਤੇ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਇਆ। ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਵਿਪਨ ਦੀਪ ਸਿੰਘ, ਬ੍ਰਾਹਮਣ ਵਾਸੀ ਪਿੰਡ ਭੋਰਛੀ, ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ ਪੰਜ ਵਿੱਚ ਕੇਸ ਦਰਜ ਕੀਤਾ ਗਿਆ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਸ ਨੇ ਘਾਟੀ ਵਾਲਮੀਕੀ ਚੌਕ 'ਚ ਛਾਪਾ ਮਾਰ ਕੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ 110 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਸ ਦੀ ਪਛਾਣ ਸ਼ੁਭਮ ਵਾਲੀ ਉਰਫ ਗੀਗਾ ਵਾਸੀ ਗਲੀ ਨੰਬਰ 1, ਘਾਟੀ ਮੁਹੱਲਾ ਵਜੋਂ ਹੋਈ ਹੈ।

ਵੀਰਵਾਰ ਨੂੰ ਛਾਪੇਮਾਰੀ ਵਿਚ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਨਸ਼ਾ ਤਸਕਰਾਂ ਖ਼ਿਲਾਫ਼ 24 ਘੰਟੇ ਚੱਲੀ ਮੁਹਿੰਮ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦੇ ਹੋਏ ਇਕ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਾਂ ਦੇ ਕਬਜ਼ੇ 'ਚੋਂ ਹੈਰੋਇਨ ਅਤੇ ਗਾਂਜਾ ਬਰਾਮਦ ਹੋਇਆ। ਮੁਲਜ਼ਮਾਂ ਖ਼ਿਲਾਫ਼ 4 ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਨੇ ਉਪਕਾਰ ਨਗਰ ਸਥਿਤ ਦੁਸਹਿਰਾ ਗਰਾਊਂਡ ਇਲਾਕੇ 'ਚ ਛਾਪਾ ਮਾਰ ਕੇ ਇਕ ਔਰਤ ਸਮੇਤ 2 ਵਿਅਕਤੀਆਂ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਏਐੱਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਟਵਿੰਕਲ ਠਾਕੁਰ ਅਤੇ ਕਿਰਨ ਵਾਸੀ ਗਲ਼ੀ ਨੰਬਰ 1, ਬਾਜਵਾ ਕਲੋਨੀ, ਹੈਬੋਵਾਲ ਸਿਵਲ ਸਿਟੀ ਵਜੋਂ ਹੋਈ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਗਸ਼ਤ ਦੌਰਾਨ ਕਬੀਰ ਨਗਰ ਦੀ ਗਲ਼ੀ ਨੰਬਰ 11/3 ਨੇੜੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ। ਜਿਸ 'ਚ ਉਸ ਦੇ ਕਬਜ਼ੇ 'ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਨੀਰਜ ਕੁਮਾਰ ਵਾਸੀ ਗਲੀ ਨੰਬਰ 11/3, ਕਬੀਰ ਨਗਰ ਵਜੋਂ ਹੋਈ ਹੈ।

Posted By: Jagjit Singh