ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : 'ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ' ਦੇ ਮਕਸਦ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 2 ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋਇਆ ਜਿਸ ਵਿਚ ਪੰਜਾਬ ਤੇ ਗੁਆਂਢੀ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਕਿਸਾਨ ਔਰਤਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪਦਮਸ੍ਰੀ ਰਾਮ ਸਰਨ ਵਰਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਹੁਣ ਖੇਤੀ ਲਾਗਤਾਂ ਘਟਾਉਣ, ਆਰਥਿਕ ਮੁਨਾਫ਼ਾ ਵਧਾਉਣ ਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਮਹਾਂਰਾਸ਼ਟਰ ਦੇ ਕਿਸਾਨਾਂ ਵਾਂਗ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਨ। ਕੇਲਿਆਂ ਦੀ ਖੇਤੀ ਦੇ ਸ਼ਾਹਸਵਾਰ ਵਰਮਾ ਨੇ ਸੂਬੇ ਦੇ ਕਿਸਾਨਾਂ ਨੂੰ ਉਤਸ਼ਾਹਤ ਕਰਦਿਆਂ ਵਧੇਰੇ ਮੁਨਾਫ਼ਾ ਦੇਣ ਵਾਲੀਆਂ ਫ਼ਸਲਾਂ ਜਿਵੇਂ ਜਪਾਨੀ ਮੈਂਥਾ ਦੀ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ ਨੇ ਕਿਹਾ ਕਿ ਖੇਤੀ ਤੇ ਦੂਜੇ ਕਿੱਤਿਆਂ ਵਿਚ ਆਮਦਨ ਪੱਖੋਂ ਲਗਾਤਾਰ ਵੱਧ ਰਿਹਾ ਫ਼ਾਸਲਾ ਫ਼ਿਕਰਮੰਦ ਕਰਦਾ ਹੈ। ਹੁਣ ਡੇਅਰੀ, ਪੋਲਟਰੀ, ਮਧੂ ਮੱਖੀ ਪਾਲਣ ਤੇ ਖੁੰਭਾਂ ਦੀ ਕਾਸ਼ਤ ਆਦਿ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ।

ਇਸ ਮੌਕੇ ਸਵਤੰਤਰ ਕੁਮਾਰ ਏਰੀ ਨਿਰਦੇਸ਼ਕ ਖੇਤੀਬਾੜੀ ਤੇ ਕਿਸਾਨ ਭਲਾਈ ਨੇ ਜਲਵਾਯੂ ਪਰਿਵਰਤਨ ਵਗੈਰਾ ਕਾਰਨਾਂ ਕਰ ਕੇ ਖੇਤੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦੱਸਿਆ ਕਿ ਨਮੂਨੇ ਲੈ ਕੇ ਭੂਮੀ ਦੀ ਸਿਹਤ ਦਾ ਪੂਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਨਵਤੇਜ ਸਿੰਘ ਬੈਂਸ ਨਿਰਦੇਸ਼ਕ ਖੋਜ ਨੇ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਖੇਤੀ ਉਤਪਾਦਨ ਤੇ ਸੁਰੱਖਿਆ ਤਕਨੀਕਾਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਕਿਸਾਨ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਪਤਵੰਤਿਆਂ, ਕਿਸਾਨਾਂ ਤੇ ਮਾਹਿਰਾਂ ਨੂੰ ਨਿੱਘਾ ਜੀ ਆਇਆ ਕਹਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਕਿਸਾਨਾਂ ਵਿਚ ਪ੍ਰਚੱਲਤ ਕਰਨ ਲਈ ਕਿਸਾਨ ਮੇਲਿਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।

ਅਗਾਂਹਵਧੂ ਕਿਸਾਨਾਂ ਨੂੰ ਦਿੱਤੇ ਇਨਾਮ

ਇਸ ਮੌਕੇ ਸਬਜ਼ੀਆਂ ਦੀ ਕਾਸ਼ਤ ਰਾਹੀਂ ਬਾਗ਼ਾਨੀ ਨੂੰ ਉਤਸ਼ਾਹਤ ਕਰਨ ਵਾਲੇ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਸੰਧੂ ਪਿੰਡ ਜਿੰਦਾਵਾਲਾ ਜ਼ਿਲ੍ਹਾ ਤਰਨਤਾਰਨ ਤੇ ਸਰਬਜੀਤ ਸਿੰਘ ਢਿੱਲੋਂ ਪਿੰਡ ਬੁਰਜ ਢਿੱਲਵਾਂ ਜ਼ਿਲ੍ਹਾ ਮਾਨਸਾ ਨੂੰ ਮੁੱਖ ਮੰਤਰੀ ਐਵਾਰਡ, ਪਾਣੀ ਪ੍ਰਬੰਧ ਦੀ ਆਧੁਨਿਕ ਤਕਨੀਕ ਅਪਨਾਉਣ ਵਾਲੇ ਸਵੈ-ਕਾਸ਼ਤਕਾਰ ਰੋਹਿਤ ਗੁਪਤਾ, ਪਿੰਡ ਲਾਂਬੜਾ ਜ਼ਿਲ੍ਹਾ ਜਲੰਧਰ ਨੂੰ ਸੀਆਰਆਈ ਪੰਪ ਐਵਾਰਡ ਤੇ ਫ਼ਸਲ ਉਤਪਾਦਨ/ਬਾਗਬਾਨੀ/ਫੁੱਲਾਂ ਦੀ ਖੇਤੀ ਨਾਲ ਸਬੰਧਤ ਕਿੱਤਿਆਂ ਵਿਚ ਖ਼ਾਸ ਯੋਗਦਾਨ ਪਾਉਣ ਵਾਲੇ ਪ੍ਰਦੀਪ ਸਿੰਘ ਪਿੰਡ ਬੀਰਾਵਾਲ ਜ਼ਿਲ੍ਹਾ ਪਟਿਆਲਾ ਨੂੰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਇਨਾਮ ਦਿੱਤੇ ਗਏ।