ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੁੜੀ ਦੀਆਂ ਧਮਕੀਆਂ ਤੋਂ ਤੰਗ ਆਏ ਨੌਜਵਾਨ ਨੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬਰਾਮਦ ਹੋਏ ਸੁਸਾਈਡ ਨੋਟ 'ਚ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਲੜਕੀ ਤੇ ਉਸ ਦੇ ਮਾਤਾ-ਪਿਤਾ ਨੂੰ ਦੱਸਿਆ।

ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਸ਼ੁਭਮ (23) ਦੇ ਪਿਤਾ ਸੁਰਿੰਦਰ ਕੁਮਾਰ ਦੇ ਬਿਆਨਾਂ 'ਤੇ ਪੁਨੀਤ ਨਗਰ ਦੀ ਰਹਿਣ ਵਾਲੀ ਖੁਸ਼ੀ, ਉਸ ਦੇ ਪਿਤਾ ਰਾਜਨ ਪਾਠਕ ਅਤੇ ਮਾਤਾ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਈਡਬਲਯੂਐੱਸ ਕਾਲੋਨੀ ਵਾਸੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਸ਼ੁਭਮ ਢੋਲ ਵਜਾਉਣ ਦਾ ਕੰਮ ਕਰਦਾ ਸੀ। ਖ਼ੁਸ਼ੀ ਸ਼ੁਭਮ 'ਤੇ ਵਿਆਹ ਕਰਵਾਉਣ ਲਈ ਦਬਾਅ ਬਣਾ ਰਹੀ ਸੀ। ਵਿਆਹ ਤੋਂ ਮਨ੍ਹਾ ਕਰਨ 'ਤੇ ਮੁਲਜ਼ਮ ਲਗਾਤਾਰ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਸੀ। ਸੁਰਿੰਦਰ ਮੁਤਾਬਕ ਕੁਝ ਸਮਾਂ ਪਹਿਲਾਂ ਖ਼ੁਸ਼ੀ ਕਿਤੇ ਚਲੀ ਗਈ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਝੂਠੇ ਦੋਸ਼ ਲਾ ਕੇ ਸ਼ੁਭਮ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਪਰ ਕੁਝ ਦਿਨ੍ਹਾਂ ਬਾਅਦ ਖੁਸ਼ੀ ਖੁਦ ਹੀ ਘਰ ਵਾਪਸ ਆ ਗਈ ਸੀ। ਉਹ ਧਮਕੀਆਂ ਤੋਂ ਪਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਪੱਤਰ ਲਿਖਿਆ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਉਕਤ ਤਿੰਨਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਦਾ ਕਹਿਣਾ ਹੈ ਕਿ ਸੁਰਿੰਦਰ ਦੇ ਬਿਆਨਾਂ 'ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।