ਹਰਪ੍ਰੀਤ ਸਿੰਘ ਮਾਂਹਪੁਰ, ਜੌੜੇਪੁਲ : ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਕਿਸਾਨ ਹਰਫੂਲ ਸਿੰਘ ਵਾਸੀ ਸੁਹਾਗਹੇੜੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਭੋਗ ਤੋਂ ਬਾਅਦ ਉਨ੍ਹਾਂ ਦੀ ਪਤਨੀ ਜਸਪਾਲ ਕੌਰ (80) ਖੁਦ ਸਿੰਘੂ ਬਾਰਡਰ ਵਿਖੇ ਕਿਸਾਨ ਮੋਰਚੇ 'ਚ ਡਟੀ ਹੋਈ ਹੈ। ਸਿੰਘੂ ਬਾਰਡਰ ਵਿਖੇ ਲੰਗਰ 'ਚ ਸੇਵਾ ਨਿਭਾਅ ਰਹੀ ਬੇਬੇ ਜਸਪਾਲ ਕੌਰ ਸੁਹਾਗਹੇੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਵ. ਹਰਫੂਲ ਸਿੰਘ 26 ਨਵੰਬਰ ਨੂੰ ਦਿੱਲੀ ਵਿਖੇ ਕਿਸਾਨੀ ਸੰਘਰਸ਼ 'ਚ ਆਏ ਸਨ ਤੇ 24 ਦਸੰਬਰ ਨੂੰ ਅਚਨਚੇਤ ਉਹ ਸਵਰਗਵਾਸ ਹੋ ਗਏ ਤੇ 3 ਜਨਵਰੀ ਨੂੰ ਉਨ੍ਹਾਂ ਦੇ ਭੋਗ ਤੋਂ ਹਫਤੇ ਬਾਅਦ ਉਹ ਪਿੰਡ ਵਾਸੀਆਂ ਨਾਲ ਖੁਦ ਕਿਸਾਨ ਮੋਰਚੇ 'ਚ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਕੇਂਦਰੀ ਸਰਕਾਰ ਵੱਲੋਂ ਜਾਰੀ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸਨ ਤੇ ਇਸ ਸੰਘਰਸ਼ ਨੂੰ ਉਹ ਅੱਧ ਵਿਚਕਾਰ ਛੱਡ ਕੇ ਗਏ ਹਨ, ਉਹ ਉਸ ਨੂੰ ਪੂਰਾ ਕਰ ਰਹੀ ਹੈ। ਜਦੋਂ ਤਕ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਹ ਕਿਸਾਨ ਮੋਰਚੇ 'ਚ ਡਟੀ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋ ਪੁੱਤਰ ਤੇ ਇਕ ਧੀ ਹੈ ਤੇ ਪੁੱਤ ਮਾਮੂਲੀ ਜਿਹੀ ਜ਼ਮੀਨ 'ਚ ਖੇਤੀਬਾੜੀ ਕਰਕੇ ਆਪਣੇ ਸਿਰ ਚੜ੍ਹੀ ਕਰਜ਼ੇ ਦੀ ਪੰਡ ਲਾਹੁੰਣ ਦਾ ਯਤਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਇਹ ਕਾਲੇ ਕਾਨੂੰਨ ਲਿਆ ਕੇ ਕਿਸਾਨੀ ਨੂੰ ਖਤਮ ਕਰਨ 'ਤੇ ਤੁਲੀ ਹੈ।