ਜੇਐੱਨਐੱਨ, ਲੁਧਿਆਣਾ : ਸ਼ੁੱਕਰਵਾਰ ਦੇਰ ਰਾਤ ਸਲੇਮ ਟਾਬਰੀ ਦੇ ਇਲਾਕੇ 'ਚ ਪੈਂਦੇ ਗੰਦੇ ਨਾਲੇ ਕੋਲ ਝੌਂਪੜੀਆਂ 'ਚ ਰਹਿਣ ਵਾਲੀ 18 ਸਾਲਾ ਮੁਟਿਆਰ ਦੀ ਸ਼ੱਕੀ ਹਾਲਤ 'ਚ ਹਾਲਤ ਵਿਗੜ ਗਈ। ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਉੱਥੇ ਹਸਪਤਾਲ ਪ੍ਰਸ਼ਾਸਨ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਮਾਮਲੇ ਦੀ ਸੂਚਨਾ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੂੰ ਦਿੱਤੀ। ਹਸਪਤਾਲ 'ਚ ਮਿ੍ਤਕ ਮੁਟਿਆਰ ਦੀ ਪਛਾਣ 18 ਸਾਲਾ ਅਸ਼ਿਮਕਾ ਵਜੋਂ ਹੋਈ। ਮਿ੍ਤਕਾ ਦੇ ਪਿਤਾ ਗੋਨਰ ਪਾਸਵਾਨ ਨੇ ਦੱਸਿਆ ਕਿ ਉਸ ਦੀਆਂ 2 ਲੜਕੀਆਂ ਤੇ 3 ਪੁੱਤਰ ਹਨ। ਜਿਸ 'ਚੋਂ ਮਿ੍ਤਕਾ ਸਭ ਤੋਂ ਵੱਡੀ ਹੈ। ਸ਼ੁੱਕਰਵਾਰ ਦੇਰ ਰਾਤ ਕਰੀਬਨ 12 ਵਜੇ ਅਸ਼ਿਮਕਾ ਦੀ ਹਾਲਤ ਵਿਗੜ ਗਈ। ਜਿਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਪਹੁੰਚਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਥਾਣਾ ਸਲੇਮ ਟਾਬਰੀ ਦੇ ਜਾਂਚ ਅਧਿਕਾਰੀ ਅਨੁਸਾਰ ਫਿਲਹਾਲ ਮਿ੍ਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।