ਮਨੀਸ਼ ਸਚਦੇਵਾ, ਸਮਰਾਲਾ : 1947 ਦੇ ਦੇਸ਼ ਵੰਡ ਤੋਂ ਬਾਅਦ ਪਾਕਿਸਤਾਨ ਗਏ ਲੋਕਾਂ ਦੇ ਦਿਲਾਂ 'ਚ ਅੱਜ ਵੀ ਆਪਣੇ ਪਿੰਡਾਂ 'ਚ ਬਿਤਾਏ ਗਏ ਪਲਾਂ ਦੀ ਯਾਦ ਤਾਜ਼ਾ ਹੈ ਤੇ ਉਹ ਉਨ੍ਹਾਂ ਪਿਆਰ ਭਰੇ ਪਲਾਂ ਨੂੰ ਪਾਕਿਸਤਾਨ 'ਚ ਬੈਠ ਕੇ ਵੈੱਬ ਚੈਨਲ ਰਾਹੀਂ ਆਪਣੇ ਦੋਸਤਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਕੇ ਰੋ ਉੱਠਦੇ ਹਨ।

ਇਸ ਤਰ੍ਹਾਂ ਦੀ ਹੀ ਇਕ ਵੀਡਿਓ ਪਾਕਿਸਤਾਨ ਤੋਂ ਵਾਇਰਲ ਹੋਈ ਹੈ। ਉਸ ਵੀਡਿਓ 'ਚ ਅਬਦੂਲ ਗਫੂਰ ਨਾਮੀ ਬਜ਼ੁਰਗ ਜੋ ਕਿ ਆਪਣੇ ਆਪ ਨੂੰ ਬਟਵਾਰੇ ਤੋਂ ਪਹਿਲਾਂ ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਤੋਂ 15 ਕਿਲੋਮੀਟਰ ਦੂਰ ਸ਼ੇਰਪੁਰ ਬੇਟ ਦਾ ਰਹਿਣ ਵਾਲਾ ਦੱਸ ਰਿਹਾ ਹੈ ਤੇ ਉਹ ਆਪਣੇ ਦੋਸਤ ਕ੍ਰਿਸ਼ਨ, ਰਾਮੂ, ਗੰਗਾ ਰਾਮ, ਮਥਰਾ, ਲੱਖਾ, ਜੋਧ ਸਿੰਘ ਤੇ ਹੋਰਾਂ ਨੂੰ ਵੀ ਯਾਦ ਕਰ ਰਿਹਾ ਹੈ। ਇਹ ਵੀਡਿਓ ਵਾਇਰਲ ਹੋਣ ਬਾਰੇ ਪਿੰਡ ਸ਼ੇਰਪੁਰ ਬੇਟ ਦੇ ਨਿਵਾਸੀ ਮੰਗਤ ਰਾਮ ਕਾਲੜਾ ਨੇ ਦੱਸਿਆ ਕਿ ਵੀਡਿਓ 'ਚ ਅਬਦੁਲ ਗਫ਼ੂਰ ਆਪਣੇ ਜਿਨ੍ਹਾਂ ਦੋਸਤਾਂ ਬਾਰੇ ਦੱਸ ਰਿਹਾ ਹੈ ਉਹ ਜ਼ਿਆਦਾਤਰ ਸਵਰਗ ਸੁਧਾਰ ਚੁੱਕੇ ਹਨ। ਅਬਦੁਲ ਗਫ਼ੂਰ ਦੇ ਪਿਤਾ ਮੱਖਣ ਖਾਂ ਦਾ ਪਿੰਡ 'ਚ ਵੱਡਾ ਘਰਾਣਾ ਸੀ, ਇਹ ਗੱਲ ਉਸਦੇ ਬਜ਼ੁਰਗ ਦੱਸਦੇ ਸਨ। ਉਨ੍ਹਾਂ ਦੱਸਿਆ ਕਿ ਅਬਦੁਲ ਗਫ਼ੂਰ ਬਜ਼ੁਰਗ ਇਸ ਸਮੇਂ 95 ਦੇ ਆਸਪਾਸ ਹੋਣੇ ਚਾਹੀਦੇ ਹਨ। ਅਬਦੁਲ ਗਫ਼ੂਰ ਦੱਸ ਰਹੇ ਹਨ ਕਿ ਉਹ ਸ਼ੇਰਪੁਲ ਬੇਟ ਦੇ ਰਹਿਣ ਵਾਲੇ ਸੀ ਉਨ੍ਹਾਂ ਦੇ ਨਾਲ ਬਹਿਲੋਲਪੁਰ, ਸ਼ਤਾਬਗੜ੍ਹ, ਫਤਿਹਗੜ੍ਹ, ਗੜ੍ਹੀ ਤੇ ਹੋਰ ਕਈ ਪਿੰਡ ਸਨ, ਜਿਨ੍ਹਾਂ 'ਚ ਉਨ੍ਹਾਂ ਦੇ ਦੋਸਤ ਰਹਿੰਦੇ ਸਨ। ਉਨ੍ਹਾਂ ਦੇ ਪਿੰਡਾਂ 'ਚ ਕੁਸ਼ਤੀਆਂ ਤੋਂ ਇਲਾਵਾ ਬਾਜ਼ੀਆਂ ਪਾਉਣ ਦਾ ਬੋਲਬਾਲਾ ਸੀ। ਪਿੰਡ 'ਚ ਮੁਸਲਮਾਨਾਂ ਤੋਂ ਇਲਾਵਾ ਹਿੰਦੂ, ਸਿੱਖ ਤੇ ਕੁਝ ਸੈਣੀਆਂ ਦੇ ਪਰਿਵਾਰ ਰਹਿੰਦੇ ਸਨ ਤੇ ਭਾਈਚਾਰਾ ਕਾਇਮ ਸੀ। ਬਟਵਾਰੇ ਸਮੇਂ ਉਹ ਪਿੰਡ ਦੇ ਇੱਟ ਦੇ ਭੱਠੇ ਤੋਂ ਇਲਾਵਾ ਪਿੰਡ ਦੇ ਛੱਪੜ ਕੋਲ ਘਰ ਛੱਡ ਕੇ ਆਪਣੇ 45 ਤੋਂ ਜ਼ਿਆਦਾ ਪਸ਼ੂ ਨਾਲ ਲੈ ਕੇ ਰਾਤ ਨੂੰ ਚੱਲ ਪਏ ਸੀ।

ਗਫ਼ੂਰ ਵੀਡਿਓ ਵਿਚ ਦੱਸਦੇ ਹਨ ਕਿ 1947 ਦਾ ਦੁਖਾਂਤ ਉਹ ਹੁਣ ਤੱਕ ਭੁੱਲ ਨਹੀਂ ਸਕੇ ਕਿਉਂਕਿ ਬਟਵਾਰੇ ਸਮੇਂ ਜੋ ਲੜਾਈਆਂ ਕੋਟਾਲਾ ਪਿੰਡ 'ਚ ਹੋਈਆਂ, ਨੂੰ ਅੱਜ ਵੀ ਯਾਦ ਕਰਕੇ ਉਨ੍ਹਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਜੇ ਫੌਜ ਉਸ ਸਮੇਂ ਸ਼ਾਂਤੀ ਪੈਦਾ ਨਾ ਕਰਦੀ ਤਾਂ ਕਤਲੇਆਮ ਹੋਰ ਵੱਧ ਜਾਣਾ ਸੀ। ਰਾਤੋ-ਰਾਤ ਉਹ ਸਰਕਾਰ ਦੁਆਰਾ ਲੁਧਿਆਣਾ 'ਚ ਲਗਾਏ ਗਏ ਕੈਂਪ 'ਚ ਆਪਣੇ ਪਸ਼ੂਆਂ ਸਮੇਤ ਪਹੁੰਚੇ ਤਾਂ ਉਨ੍ਹਾਂ ਦੇ ਪਸ਼ੂ ਉੱਥੇ ਖੋ ਲਏ ਗਏ। ਉਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਸੰਜੋਲ ਖਾਨ ਨੇ ਉਨ੍ਹਾਂ ਨੂੰ ਅੰਮਿ੍ਤਸਰ ਪਹੁੰਚਾਇਆ ਜਿੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਪਾਣੀ ਪਿਲਾ ਕੇ ਲਾਹੌਰ ਵਾਲੀ ਰੇਲਗੱਡੀ 'ਚ ਬੈਠ ਕੇ ਲਾਹੌਰ ਪਹੁੰਚ ਗਏ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਭਾਰਤ ਆਉਣ ਦਾ ਮੌਕਾ ਮਿਲਿਆ ਤਾਂ ਉਹ ਆਪਣੇ ਪਿੰਡ ਸ਼ੇਰਪੁਰ 'ਚ ਆ ਕੇ ਆਪਣੇ ਦੋਸਤਾਂ ਮਿੱਤਰਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣਾ ਚਾਹੁੰਦੇ ਹਨ ਤੇ ਦੇਖਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਛੱਡੇ ਗਏ ਘਰਾਂ 'ਚ ਇਸ ਸਮੇਂ ਕੌਣ ਨਿਵਾਸ ਕਰ ਰਿਹਾ ਹੈ।