15ਪੀ-ਕਥਿਤ ਦੋਸ਼ੀ ਪੁਲਿਸ ਪਾਰਟੀ ਨਾਲ।

ਪੱਤਰ ਪ੍ੇਰਕ, ਦੋਰਾਹਾ

ਪੁਲਿਸ ਵੱਲੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹ ਵਿਅਕਤੀ ਬੋਲੈਰੋ ਗੱਡੀ 'ਚ ਸ਼ਰਾਬ ਲੋਡ ਕਰਕੇ ਅੱਗੇ ਸਪਲਾਈ ਕਰਨ ਜਾ ਰਹੇ ਸਨ। ਜਾਣਕਾਰੀ ਅਨੁਸਾਰ ਐੱਸਐੱਚਓ ਦੋਰਾਹਾ ਇੰਸਪੈਕਟਰ ਕਰਨੈਲ ਸਿੰਘ ਦੀ ਅਗਵਾਈ 'ਚ ਹੌਲਦਾਰ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਦੋਰਾਹਾ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਦੀਪ ਸਿੰਘ ਵਾਸੀ ਮੋਗਾ, ਧਰਮਵੀਰ ਸਿੰਘ ਵਾਸੀ ਮੋਗਾ ਤੇ ਦਲਜੀਤ ਸਿੰਘ ਵਾਸੀ ਜਗਰਾਓਂ ਇਕ ਬਲੈਰੋ ਜੀਪ 'ਚ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਲੋਡ ਕਰਕੇ ਖੰਨਾ ਸਾਈਡ ਤੋਂ ਆ ਰਹੇ ਹਨ। ਜੇਕਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ। ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵੱਲੋਂ ਦੋਰਾਹਾ 'ਤੇ ਨਾਕਾਬੰਦੀ ਦੌਰਾਨ ਉਕਤ ਬਲੈਰੋ ਜੀਪ ਨੂੰ ਰੋਕ ਕੇ ਚੈੱਕ ਕੀਤਾ ਗਿਆ। ਜਿਸ ਦੀ ਤਲਾਸ਼ੀ ਦੌਰਾਨ ਉਸ 'ਚੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਮਾਰਕਾ ਨੈਨਾ ਵਿਸਕੀ (ਫਾਰ ਸੇਲ ਇੰਨ ਚੰਡੀਗੜ੍ਹ) ਬਰਾਮਦ ਹੋਈਆਂ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।