ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਘਰ ਦੇ ਬਿਲਕੁਲ ਬਾਹਰੋਂ 14 ਸਾਲਾਂ ਦੀ ਲੜਕੀ ਸ਼ੱਕੀ ਹਾਲਾਤ 'ਚ ਅਗ਼ਵਾ ਕਰ ਲਈ ਗਈ। ਇਸ ਮਾਮਲੇ 'ਚ ਥਾਣਾ-7 ਦੀ ਪੁਲਿਸ ਨੇ ਲੜਕੀ ਦੇ ਪਿਤਾ ਤਾਜਪੁਰ ਰੋਡ ਦੇ ਵਾਸੀ ਰਾਜੂ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ-7 ਦੀ ਪੁਲਿਸ ਨੂੰ ਰਾਜੂ ਨੇ ਦੱਸਿਆ ਕਿ 7 ਜੁਲਾਈ ਨੂੰ ਉਨ੍ਹਾਂ ਦੀ 14 ਸਾਲਾ ਧੀ ਘਰ ਦੇ ਬਾਹਰੋਂ ਹੀ ਅਚਾਨਕ ਗਾਇਬ ਹੋ ਗਈ। ਦੋਸਤਾਂ ਤੇ ਰਿਸ਼ਤੇਦਾਰਾਂ ਕੋਲੋਂ ਪੁੱਛਣ ਦੇ ਬਾਵਜੂਦ ਲੜਕੀ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ। ਇਸੇ ਦੌਰਾਨ ਰਾਜੂ ਨੂੰ ਪਤਾ ਲੱਗਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਧੀ ਨੂੰ ਅਗਵਾ ਕਰਕੇ ਨਾਜਾਇਜ਼ ਹਿਰਾਸਤ 'ਚ ਰੱਖਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ-ਸੱਤ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।