ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਬਚਨ ਗੈਸ ਏਜੰਸੀ ਦੇ ਕਰਿੰਦੇ ਕੋਲੋਂ 11 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ 'ਚ ਥਾਣਾ ਡਾਬਾ ਦੀ ਪੁਲਿਸ ਨੇ ਤੀਜੇ ਮੁਲਜ਼ਮ ਜਸਵੀਰ ਸਿੰਘ ਉਰਫ ਸੋਨੂੰ ਪਹਾੜੀਆ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਦੇ ਕਬਜ਼ੇ 'ਚੋਂ ਦੋ ਲੱਖ 60 ਹਜ਼ਾਰ ਦੀ ਨਕਦੀ ਤੇ ਵਾਰਦਾਤ 'ਚ ਵਰਤਿਆ ਗਿਆ ਦਾਤ ਵੀ ਬਰਾਮਦ ਕਰ ਲਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਹੁਣ ਤਕ ਤਿੰਨਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਨਕਦੀ ਬਰਾਮਦ ਕਰ ਲਈ ਹੈ।

-ਇਹ ਸੀ ਮਾਮਲਾ

ਜਾਣਕਾਰੀ ਮੁਤਾਬਕ 6 ਜੁਲਾਈ ਨੂੰ ਹਥਿਆਰਾਂ ਨਾਲ ਲੈਸ ਤਿੰਨ ਵਿਅਕਤੀਆਂ ਨੇ ਬਚਨ ਗੈਸ ਏਜੰਸੀ ਦੇ ਮੁਲਾਜ਼ਮ ਪਵਨਦੀਪ ਸਿੰਘ ਕੋਲੋਂ 11 ਲੱਖ ਦੀ ਨਕਦੀ ਉਦੋਂ ਲੁੱਟ ਲਈ ਸੀ ਜਦੋਂ ਉਹ ਕੈਸ਼ ਬੈਂਕ 'ਚ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ। ਥਾਣਾ ਡਾਬਾ ਦੀ ਪੁਲਿਸ ਨੇ ਪਵਨਦੀਪ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ। ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਵਰਿੰਦਰ ਸਿੰਘ, ਮੁਲਜ਼ਮ ਪਰਮਿੰਦਰ ਸਿੰਘ ਤੇ ਹੁਣ ਮੁਲਜ਼ਮ ਜਸਵੀਰ ਸਿੰਘ ਉਰਫ ਸੋਨੂੰ ਪਹਾੜੀਆ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਕਿਹਾ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।