ਰਣਜੀਤ ਫਤਿਹ ਤੇ ਗੋਰਾ ਹਰਦਾਸਪੁਰ ਵੱਲੋਂ ਇੱਕਜੁੱਟ ਕੀਤੇ ਨੌਜਵਾਨ ਹੁਣ ਹੋਏ ਖੇਰੂ-ਖੇਰੂ
ਜਿਲਾ ਯੂਥ ਪ੍ਰਧਾਨ ਰਣਜੀਤ ਸਿੰਘ ਫਤਿਹ ਤੇ ਬਲਾਕ ਯੂਥ ਹਲਕਾ ਕੋਆਰਡੀਨੇਟਰ ਗੋਰਾ ਹਰਦਾਸਪੁਰ ਵੱਲੋਂ ਇੱਕਜੁੱਟ ਕੀਤੇ ਨੌਜਵਾਨ ਹੁਣ ਹੋਏ ਖੇਰੂ-ਖੇਰੂ
Publish Date: Sat, 23 May 2026 08:08 PM (IST)
Updated Date: Sun, 24 May 2026 04:14 AM (IST)

ਕੈਪਸ਼ਨ-23ਪੀਐਚਜੀ11 ਸਾਬਕਾ ਜਿਲਾ ਪ੍ਰਧਾਨ ਰਣਜੀਤ ਸਿੰਘ ਫਤਿਹ। ਕੈਪਸ਼ਨ-23ਪੀਐਚਜੀ12 ਸਾਬਕਾ ਹਲਕਾ ਯੂਥ ਕੋਰਾਡੀਨੇਟਰ ਗੋਰਾ ਹਰਦਾਸਪੁਰ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਯੂਥ ਵਿੰਗ ’ਚ ਇਕ ਸਮੇਂ ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਇਕ ਮੰਚ ‘ਤੇ ਇਕੱਠਾ ਕਰਨ ਵਾਲੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਰਣਜੀਤ ਸਿੰਘ ਫਤਿਹ ਨੇ ਨਿੱਜੀ ਕਾਰਨਾਂ ਕਰ ਕੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਹਲਕਾ ਯੂਥ ਪ੍ਰਧਾਨ ਗੋਰਾ ਹਰਦਾਸਪੁਰ ਨੂੰ ਪਾਰਟੀ ਹਾਈਕਮਾਡ ਵੱਲੋਂ ਹਟਾ ਦਿਤਾ ਗਿਆ। ਜਿਸਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਨਾ ਪੈ ਸਕਦਾ ਹੈ। ਕੁਝ ਸਮਾਂ ਪਹਿਲਾਂ ਤੱਕ ਦੋਵੇਂ ਆਗੂਆਂ ਦੀ ਅਗਵਾਈ ਹੇਠ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਨੌਜਵਾਨ ਵੱਡੀ ਗਿਣਤੀ ’ਚ ਪਾਰਟੀ ਨਾਲ ਜੁੜ ਰਹੇ ਸਨ। ਯੂਥ ਵਰਕਰਾਂ ਨੂੰ ਇੱਕਜੁੱਟ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਗਿਆ ਸੀ।ਪਰ ਹੁਣ ਹਲਾਤ ਅਜਿਹੇ ਬਣ ਚੁੱਕੇ ਹਨ ਕਿ ਆਪ ਦਾ ਯੂਥ ਖੇਰੂ ਖੇਰੂ ਹੋ ਚੁੱਕਾ ਹੈ। ਇਨ੍ਹਾਂ ਦੋਵਾਂ ਨੇ ਯੂਥ ਨੂੰ ਇਕਜੁਟ ਕਰਕੇ ਰੱਖਿਆ ਹੋਇਆ ਸੀ ਜੋਕਿ ਹੁਣ ਹੌਲੀ-ਹੌਲੀ ਆਪ ਤੋਂ ਦੂਰ ਹੋ ਰਹੇ ਹਨ, ਜਿਸ ਨਾਲ ਫਗਵਾੜਾ ਵਿੱਚ ਯੂਥ ਵਿੰਗ ਦੀ ਏਕਤਾ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਜੇ ਸਮੇਂ ਸਿਰ ਮਾਮਲੇ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਸੰਗਠਨਕ ਤੌਰ ‘ਤੇ ਨੁਕਸਾਨ ਝੱਲਣਾ ਪੈ ਸਕਦਾ ਹੈ। ਪੰਜਾਬ ਦੀ ਰਾਜਨੀਤੀ ਵਿੱਚ ਨੌਜਵਾਨ ਵਰਗ ਨੂੰ ਸਭ ਤੋਂ ਵੱਡੀ ਤਾਕਤ ਮੰਨਿਆ ਜਾਂਦਾ ਹੈ, ਪਰ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦਾ ਯੂਥ ਆਧਾਰ ਕਮਜ਼ੋਰ ਦਿਖਾਈ ਦੇ ਰਿਹਾ ਹੈ। ਇਹ ਹਾਲਾਤ ਪਾਰਟੀ ਦੇ ਨਵਨਿਯੁਕਤ ਹਲਕਾ ਇੰਚਾਰਜ ਲਈ ਵੱਡੀ ਚੁਣੌਤੀ ਬਣ ਸਕਦੇ ਹਨ।ਫਗਵਾੜਾ ਵਿੱਚ ਹੋਰ ਰਵਾਇਤੀ ਪਾਰਟੀਆਂ ਨੇ ਕਾਫ਼ੀ ਸਮੇਂ ਤੋਂ ਯੂਥ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਬਣਾਈ ਹੋਈ ਹੈ, ਜਦਕਿ ਆਮ ਆਦਮੀ ਪਾਰਟੀ ਦਾ ਯੂਥ ਢਾਂਚਾ ਉਤਨਾ ਪ੍ਰਭਾਵਸ਼ਾਲੀ ਨਹੀਂ ਦਿਖ ਰਿਹਾ। ਕਈ ਥਾਵਾਂ ’ਤੇ ਨੌਜਵਾਨ ਵਰਕਰਾਂ ਦੀ ਘੱਟ ਸਰਗਰਮੀ ਅਤੇ ਬੂਥ ਪੱਧਰ ’ਤੇ ਕਮਜ਼ੋਰ ਸੰਗਠਨ ਪਾਰਟੀ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਡਾ. ਰਾਜ ਕੁਮਾਰ ਚੱਬੇਵਾਲ ਲਈ ਸਭ ਤੋਂ ਵੱਡਾ ਟਾਸਕ ਹੁਣ ਫਗਵਾੜਾ ’ਚ ਨੌਜਵਾਨਾਂ ਦਾ ਭਰੋਸਾ ਮੁੜ ਜਿੱਤਣਾ ਅਤੇ ਪਾਰਟੀ ਦੇ ਯੂਥ ਵਿੰਗ ਨੂੰ ਮਜ਼ਬੂਤ ਕਰਨਾ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਰਹੇਗਾ ਕਿ ਆਮ ਆਦਮੀ ਪਾਰਟੀ ਫਗਵਾੜਾ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਕਿਹੜੀ ਨਵੀਂ ਰਣਨੀਤੀ ਅਪਣਾਉਂਦੀ ਹੈ।