ਐੱਸਡੀਐੱਮ ਦੇ ਹੁਕਮਾਂ ਨੂੰ ਸਮਝਿਆ ਟਿੱਚ, ਲੱਗਿਆ ਸੰਡੇ ਬਾਜ਼ਾਰ
ਸਿਟੀ ਪੁਲਿਸ, ਟ੍ਰੈਫਿਕ ਪੁਲਿਸ
Publish Date: Sun, 16 Nov 2025 10:46 PM (IST)
Updated Date: Sun, 16 Nov 2025 10:50 PM (IST)

ਸਿਟੀ ਪੁਲਿਸ, ਟ੍ਰੈਫਿਕ ਪੁਲਿਸ ਤੇ ਰੈੱਡਕਰਾਸ ਸਕੱਤਰ ਨੂੰ ਕਾਰਵਾਈ ਦੇ ਹੁਕਮ 20 ਤੱਕ ਵੀਡੀਓਗ੍ਰਾਫੀ ਨਾਲ ਕਾਰਵਾਈ ਰਿਪੋਰਟ ਸੌਂਪਣ ਦੇ ਹੁਕਮ ਮਹੇਸ਼ ਕੁਮਾਰ, ਪੰਜਾਬੀ ਜਾਗਰਣ ਕਪੂਰਥਲਾ : ਸ਼ਹੀਦ ਭਗਤ ਸਿੰਘ ਚੌਕ ਸਥਿਤ ਰੈੱਡਕਰਾਸ ਮਾਰਕੀਟ ਦੀਆਂ ਦੁਕਾਨਾਂ ਦੇ ਬਾਹਰ ਸੰਡੇ ਬਾਜ਼ਾਰ ਫਲ-ਫੁੱਲ ਰਿਹਾ ਹੈ। ਇਸ ਨਾਲ ਜਿਥੇ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਨਜਾਇਜ਼ ਕਬਜ਼ੇ ਵਧ ਰਹੇ ਹਨ, ਉਥੇ ਪੈਦਲ ਚੱਲਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ’ਚ ਹਿਊਮਨ ਰਾਈਟਸ ਪ੍ਰੈੱਸ ਕਲੱਬ ਸੰਸਥਾ ਵੱਲੋਂ ਐੱਸਡੀਐੱਮ ਦੀ ਅਦਾਲਤ ’ਚ ਦਾਖਲ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਜਾਰੀ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮਾਂ ਨੂੰ ਸਬੰਧਤ ਵਿਭਾਗ ਅੰਗੂਠਾ ਦਿਖਾ ਰਹੇ ਹਨ। ਇਸ ’ਤੇ ਹੁਣ ਸਹਾਇਕ ਕਲੈਕਟਰ ਕਮ ਉਪਮੰਡਲ ਮੈਜਿਸਟ੍ਰੇਟ (ਐੱਸਡੀਐੱਮ) ਨੇ ਚਾਰ ਨਵੰਬਰ ਨੂੰ ਨਵੇਂ ਹੁਕਮ ਜਾਰੀ ਕਰਕੇ ਕਪੂਰਥਲਾ ਦੀ ਰੈੱਡਕਰਾਸ ਸੁਸਾਇਟੀ ਦੇ ਸਕੱਤਰ, ਐੱਸਐੱਚਓ ਥਾਣਾ ਸਿਟੀ, ਟ੍ਰੈਫਿਕ ਇੰਚਾਰਜ ਤੇ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਨੂੰ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ’ਚ 20 ਨਵੰਬਰ ਤੱਕ ਲੋੜੀਂਦੀ ਕਾਰਵਾਈ ਕਰਕੇ ਵੀਡੀਓਗ੍ਰਾਫੀ ਦੇ ਨਾਲ ਰਿਪੋਰਟ ਤਲਬ ਕੀਤੀ ਗਈ ਹੈ। ਇਥੋਂ ਤੱਕ ਕਿ ਇਨ੍ਹਾਂ ਹੁਕਮਾਂ ’ਚ ਦੁਕਾਨਾਂ ਦੀ ਹੱਦ ਦੇ ਅੰਦਰ ਸਮਾਨ ਲਗਾਉਣ, ਦੁਕਾਨ ਦੇ ਬਾਹਰ ਸੜਕ ’ਤੇ ਕਬਜ਼ਾ ਨਾ ਕਰਨ, ਨਜਾਇਜ਼ ਢੰਗ ਨਾਲ ਸੜਕ ’ਤੇ ਵਪਾਰਕ ਗਤੀਵਿਧੀਆਂ ਨਾ ਕਰਨ ਤੇ ਸੰਡੇ ਨੂੰ ਲੱਗਣ ਵਾਲੇ ਬਾਜ਼ਾਰ ਨੂੰ ਪੂਰਨ ਤੌਰ ’ਤੇ ਬੰਦ ਕਰਨ ਦੇ ਸਖਤ ਹੁਕਮ ਦਿੱਤੇ ਹਨ ਪਰ ਐੱਸਡੀਐੱਮ ਦੀ ਅਦਾਲਤ ਨੂੰ ਸਿਰੇ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸ਼ਹਿਰ ਦੀ ਸੰਸਥਾ ਹਿਊਮਨ ਰਾਈਟਸ ਪ੍ਰੈੱਸ ਕਲੱਬ ਨੇ 5 ਅਕਤੂਬਰ 2021 ਨੂੰ ਰੈੱਡਕਰਾਸ ਮਾਰਕੀਟ ’ਤੇ ਵਧਦੇ ਨਜਾਇਜ਼ ਕਬਜ਼ਿਆਂ ਤੇ ਸੰਡੇ ਬਜ਼ਾਰ ਦੇ ਕਾਰਨ ਹੋਏ ਨਜਾਇਜ਼ ਕਬਜ਼ਿਆਂ ਦੀ ਵੀਡੀਓ ਤੇ ਫੋਟੋ ਦੇ ਸਬੂਤ ਦੇ ਨਾਲ ਐੱਸਡੀਐੱਮ ਕਪੂਰਥਲਾ ਦੀ ਅਦਾਲਤ ’ਚ ਪਟੀਸ਼ਨ ਦਾਖਲ ਕੀਤੀ ਸੀ, ਜਿਸ ’ਤੇ ਸੁਣਵਾਈ ਕਰਦੇ ਹੋਏ ਤਤਕਾਲੀ ਐੱਸਡੀਐੱਮ ਜੈਇੰਦਰ ਸਿੰਘ ਨੇ ਸਬੰਧਤ ਜ਼ਿੰਮੇਵਾਰ ਵਿਭਾਗਾਂ ਨੂੰ ਕਾਰਵਾਈ ਕਰਨ ਲਈ ਹੁਕਮ ਦਿੱਤਾ ਸੀ ਪਰ ਸਬੰਧਤ ਵਿਭਾਗਾਂ ਵੱਲੋਂ ਇਨ੍ਹਾਂ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਤੇ ਸੰਡੇ ਬਜ਼ਾਰ ਦੇ ਵਧਣ-ਫੁੱਲਣ ਨਾਲ ਜਿਥੇ ਨਜਾਇਜ਼ ਕਬਜ਼ੇ ਵਧੇ, ਉਥੇ ਬਜ਼ਾਰ ’ਚ ਭੀੜ ਵਧ ਗਈ ਤੇ ਖਰੀਦਦਾਰੀ ਲਈ ਬਜ਼ਾਰਾਂ ’ਚ ਪੈਦਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਕਪੂਰਥਲਾ ਦੇ ਰੈੱਡਕਰਾਸ ਮਾਰਕੀਟ ਦੇ ਬਾਹਰ ਸ਼ਹੀਦ ਭਗਤ ਸਿੰਘ ਚੌਕ ਦੇ ਆਲੇ-ਦੁਆਲੇ ਹੀ ਸਾਰੇ ਮੁੱਖ ਬਜ਼ਾਰ ਹਨ ਤੇ ਇਸੇ ਰੋਡ ਤੋਂ ਹੋ ਕੇ ਸਿਵਲ ਹਸਪਤਾਲ, ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦਾ ਵੀ ਰਾਹ ਹੈ ਪਰ ਦੁਕਾਨਦਾਰਾਂ ਵੱਲੋਂ ਬਾਹਰ ਸੜਕ ’ਤੇ ਸਮਾਨ ਵਧਾ ਕੇ ਰੱਖਣ ਕਾਰਨ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ। ਸੰਡੇ ਵਾਲੇ ਦਿਨ ਤਾਂ ਬਜ਼ਾਰਾਂ ’ਚ ਪੈਰ ਰੱਖਣ ਦੀ ਜਗ੍ਹਾ ਤੱਕ ਨਹੀਂ ਬਚਦੀ। ਇਸ ਮਾਮਲੇ ਨੂੰ ਸੰਜ਼ੀਦਗੀ ਨਾਲ ਲੈਂਦੇ ਹੋਏ ਅਦਾਲਤ ਸਹਾਇਕ ਕਲੈਕਟਰ ਕਮ ਉਪ ਮੰਡਲ ਮੈਜਿਸਟ੍ਰੇਟ ਨੇ ਮੁੜ ਚਾਰ ਨਵੰਬਰ ਨੂੰ ਨਵੇਂ ਹੁਕਮ ਜਾਰੀ ਕਰਕੇ ਉਕਤ ਚਾਰੋਂ ਜ਼ਿੰਮੇਵਾਰ ਵਿਭਾਗਾਂ ਨੂੰ 20 ਨਵੰਬਰ ਤੱਕ ਲੋੜੀਂਦੀ ਕਾਰਵਾਈ ਕਰਕੇ ਵੀਡੀਓਗ੍ਰਾਫੀ ਸਮੇਤ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਹਿਊਮਨ ਰਾਈਟਸ ਪ੍ਰੈੱਸ ਕਲੱਬ ਦੇ ਪੰਜਾਬ ਦੇ ਉੱਪ ਪ੍ਰਧਾਨ ਰਜਿੰਦਰ ਰਾਜੂ ਨੇ ਕਿਹਾ ਕਿ 2021 ਤੋਂ ਉਹ ਇਸ ਮਸਲੇ ਨੂੰ ਚੁੱਕ ਰਹੇ ਹਨ। ਅਦਾਲਤ ’ਚ ਪਾਈ ਗਈ ਪਟੀਸ਼ਨ ’ਤੇ ਐੱਸਡੀਐੱਮ ਦੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਬੰਧਤ ਜ਼ਿੰਮੇਵਾਰ ਵਿਭਾਗਾਂ ਨੇ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉੱਧਰ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨੇ ਕਿਹਾ ਕਿ ਨਗਰ ਨਿਗਮ ਦੀ ਟੀਮ ਨੂੰ ਨਾਲ ਲੈ ਕੇ ਛੇਤੀ ਬਜ਼ਾਰਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਣਗੇ। ਜੇ ਫਿਰ ਵੀ ਦੁਕਾਨਦਾਰ ਨਾ ਸੁਧਰੇ ਤਾਂ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।