ਫਗਵਾੜਾ ‘ਚ ਆਮ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਮੁਢਲੀ ਪ੍ਰਾਥਮਿਕਤਾ : ਡੀਐੱਸਪੀ
ਫਗਵਾੜਾ ‘ਚ ਆਮ ਲੋਕਾਂ ਦੀ ਸੁਰੱਖਿਆ ਪੁਲਿਸ ਦੀ ਮੁਢਲੀ ਪ੍ਰਾਥਮਿਕਤਾ : ਡੀ.ਐਸ.ਪੀ. ਪਲਵਿੰਦਰ ਸਿੰਘ
Publish Date: Sat, 23 May 2026 07:54 PM (IST)
Updated Date: Sun, 24 May 2026 04:14 AM (IST)

ਕੈਪਸ਼ਨ-23ਪੀਐਚਜੀ5 ਫਗਵਾੜਾ ‘ਚ ਡੀ.ਐਸ.ਪੀ. ਪਲਵਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ ਅਤੇ ਹੋਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਡੀਐੱਸਪੀ ਪਲਵਿੰਦਰ ਸਿੰਘ ਵੱਲੋਂ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ, ਲਾਇਨਜ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ ਦੇ ਸੈਂਟਰਲ ਟਾਊਨ ਫਗਵਾੜਾ ਸਥਿਤ ਦਫਤਰ ਕੰਗ ਇੰਟਰਪ੍ਰਾਈਜ਼ਿਜ਼ ਵਿਖੇ ਨਿਊ ਮੰਡੀ ਰੋਡ, ਸੈਂਟਰਲ ਟਾਉਨ, ਲੋਹਾ ਮੰਡੀ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਦੀਆਂ ਪੁਲਿਸ ਨਾਲ ਸਬੰਧਤ ਮੁਸ਼ਕਿਲਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਸ਼ਹਿਰ ਵਾਸੀਆਂ ਨੂੰ ਹਰ ਕਿਸਮ ਦੀ ਸੁਰੱਖਿਆ ਯਕੀਨੀ ਬਨਾਉਣਾ ਪੁਲਿਸ ਦੀ ਮੁਢਲੀ ਪ੍ਰਾਥਮਿਕਤਾ ਹੈ। ਉਨ੍ਹਾਂ ਦੱਸਿਆ ਕਿ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਅਤੇ ਐਸ.ਪੀ. ਫਗਵਾੜਾ ਮਾਧਵੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਯਕੀਨੀ ਬਨਾਉਣ, ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਆਮ ਲੋਕਾਂ ਦੇ ਸਹਿਯੋਗ ਦੇ ਮਨੋਰਥ ਨਾਲ ਇਹ ਮੀਟਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਲਾਇਨ ਗੁਰਦੀਪ ਸਿੰਘ ਕੰਗ ਅਤੇ ਹੋਰਨਾਂ ਵਲੋਂ ਡੀ.ਐਸ.ਪੀ. ਪਲਵਿੰਦਰ ਸਿੰਘ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਲਾਇਨ ਕੰਗ ਨੇ ਹਿਊਮਨ ਰਾਈਟਸ ਕੌਂਸਲ ਇੰਡੀਆ ਅਤੇ ਲਾਇਨਜ਼ ਇੰਟਰਨੈਸ਼ਨਲ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜ ਸੇਵਾ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ, ਮਹਿਲਾ ਸਸ਼ਕਤੀਕਰਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਉਪਰਾਲਿਆਂ ਬਾਰੇ ਡੀ.ਐਸ.ਪੀ. ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡੀ.ਐਸ.ਪੀ. ਪਲਵਿੰਦਰ ਸਿੰਘ ਨੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੀਆਂ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਦਿਲੋਂ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੀਆਂ ਸਮਾਜਿਕ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਾਨੂੰਨ ਵਿਵਸਥਾ, ਸਮਾਜਿਕ ਜਾਗਰੂਕਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਯੋਗਦਾਨ ਨੂੰ ਮਹੱਤਵਪੂਰਣ ਦੱਸਿਆ ਅਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਮਾਜਿਕ ਸੰਗਠਨਾਂ ਵਿਚਕਾਰ ਆਪਸੀ ਸਹਿਯੋਗ ਇੱਕ ਵਧੇਰੇ ਸੁਰੱਖਿਅਤ ਅਤੇ ਸੰਵੇਦਨਸ਼ੀਲ ਸਮਾਜ ਦੀ ਸਿਰਜਣਾ ‘ਚ ਸਹਾਇਕ ਬਣਦਾ ਹੈ। ਇਸ ਮੌਕੇ ਸਤਵਿੰਦਰ ਸਿੰਘ ਭੰਮਰਾ, ਚੰਦਰ ਸ਼ੇਖਰ ਖੁੱਲਰ ਜਿਲ੍ਹਾ ਪ੍ਰਧਾਨ ਐਂਟੀ ਕੁਰੱਪਸ਼ਨ ਫੋਰਮ, ਵਾਸੁਦੇਵ ਗੁਪਤਾ, ਸੰਜੀਵ ਸੂਰੀ, ਗੁਲਸ਼ਨ ਸ਼ਰਮਾ ਲੱਕੀ, ਵਿਜੇ ਅਰੋੜਾ, ਸੁਮਿਤ ਭੰਡਾਰੀ, ਦਿਨੇਸ਼ ਖਰਬੰਦਾ, ਹਰੀਸ਼ ਗੁਲਾਟੀ ਆਦਿ ਮੌਜੂਦ ਸਨ।