ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਵਿਧਾਇਕ ਰਾਣਾ ਨੇ ਦਿੱਤਾ ਧਰਨਾ
ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਵਿਧਾਇਕ ਰਾਣਾ ਨੇ ਸਮਰਥਕਾਂ ਸਮੇਤ ਦਿੱਤਾ ਥਾਣੇ ਵਿਚ ਧਰਨਾ
Publish Date: Sun, 24 May 2026 08:38 PM (IST)
Updated Date: Sun, 24 May 2026 08:40 PM (IST)

ਆਮ ਆਦਮੀ ਪਾਰਟੀ ਨੇ ਚੋਣਾਂ ਲਈ ਪੁਲਿਸ ਨੂੰ ਠੇਕੇ ’ਤੇ ਲਿਆ ਹੋਇਆ : ਵਿਧਾਇਕ ਰਾਣਾ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੇ ਤਹਿਤ ਚੋਣ ਪ੍ਰਚਾਰ ਦੌਰਾਨ ਦੋ ਧਿਰਾਂ ਵਿਚ ਹੋਈ ਬਹਿਸਬਾਜ਼ੀ ਉਪਰੰਤ ਪੁਲਿਸ ਦੀ ਕਥਿਤ ਧੱਕੇਸ਼ਾਹੀ ਵਿਰੁੱਧ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਬੀਤੀ ਅੱਧੀ ਰਾਤ ਤੋਂ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਵਿਖੇ ਆਪਣੇ ਸਮਰਥਕਾਂ ਨੂੰ ਲੈ ਕੇ ਧਰਨਾ ਦਿੱਤਾ। ਇਸ ਧਰਨੇ ਵਿਚ ਸੁਲਤਾਨਪੁਰ ਲੋਧੀ ਸ਼ਹਿਰ ਦੇ ਸਾਰੇ ਵਾਰਡਾਂ ਦੇ ਉਮੀਦਵਾਰ ਤੇ ਸਮੁੱਚੇ ਹਲਕਾ ਸੁਲਤਾਨਪੁਰ ਲੋਧੀ ਵਿਚੋਂ ਵੱਡੀ ਗਿਣਤੀ ਵਿਚ ਵਰਕਰ ਪਹੁੰਚੇ ਹੋਏ ਸਨ। ਇਸ ਮੌਕੇ ਵਿਧਾਇਕ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਲਈ ਪੁਲਿਸ ਨੂੰ ਠੇਕੇ ’ਤੇ ਲੈ ਲਿਆ ਹੈ ਤੇ ਪੁਲਿਸ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਸਾਡੇ ਵਰਕਰਾਂ ਨਾਲ ਧੱਕਾ ਕਰ ਰਹੀ ਹੈ, ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 7 ਤੇ 8 ਵਿਖੇ ਬੀਤੀ ਰਾਤ ਥਾਣਾ ਮੁਖੀ ਸੁਲਤਾਨਪੁਰ ਲੋਧੀ ਨੇ ਉਨ੍ਹਾਂ ਦੇ 7 ਨੌਜਵਾਨ ਸਮਰਥਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਉੱਪਰ 7/51 ਲਾ ਦਿੱਤੀ ਜਦ ਕਿ ਦੂਜੇ ਪਾਸੇ ਕਿਸੇ ਵੀ ਧਿਰ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਥਾਣਾ ਮੁਖੀ ਸੱਤਾਧਾਰੀ ਧਿਰ ਦਾ ਪਿੱਠ ਠੋਕੂ ਤੇ ਬਲਾਕ ਪ੍ਰਧਾਨ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਥਾਣਾ ਮੁਖੀ ਸੁਲਤਾਨਪੁਰ ਲੋਧੀ ਇਲਾਕੇ ਅੰਦਰ ਨਸ਼ੇ ਦੀ ਕਥਿਤ ਵਿਕਰੀ ਕਰਵਾ ਰਿਹਾ ਹੈ। ਉਨ੍ਹਾਂ ਥਾਣਾ ਮੁਖੀ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਰਕਰਾਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਵਿਧਾਇਕ ਰਾਣਾ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਪੁਲਿਸ ਉਨ੍ਹਾਂ ਦੇ ਸਮਰਥਕ ਨੌਜਵਾਨਾਂ ਨੂੰ ਨਹੀਂ ਛੱਡਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਅੰਤ ਵਿਚ ਵਿਧਾਇਕ ਰਾਣਾ ਨੇ ਕਿਹਾ ਕਿ ਥਾਣਾ ਮੁਖੀ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਮੇਰੇ ਸਮਰਥਕਾਂ ਨੂੰ ਘੇਰੇ ਵਿਚ ਲੈਣਾ ਚਾਹੁੰਦਾ ਹੈ ਪਰ ਉਹ ਇਸ ਗੱਲ ਤੋਂ ਜਾਣੂ ਨਹੀਂ ਕਿ ਉਨ੍ਹਾਂ ਦੇ ਸਾਹਮਣੇ ਰਾਣਾ ਖੜ੍ਹਾ ਹੈ। ਅੱਜ ਸ਼ਾਮ 5 ਵਜੇ ਵਿਧਾਇਕ ਰਾਣਾ ਨੇ ਪੁਲਿਸ ਥਾਣੇ ਤੋਂ ਧਰਨਾ ਚੁੱਕ ਕੇ ਤਲਵੰਡੀ ਚੌਕ ਵਿਖੇ ਧਰਨਾ ਦੇ ਕੇ ਜਾਮ ਲਗਾ ਦਿੱਤਾ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਇਸ ਸਬੰਧ ਵਿਚ ਡੀਐੱਸਪੀ ਸੁਖਪਾਲ ਸਿੰਘ ਤੇ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਬਣਦੀ ਕਾਰਵਾਈ ਕੀਤੀ ਹੈ। ਉਨ੍ਹਾਂ ਖੁਦ ਉੱਪਰ ਲਗਾਏ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ। ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਵੀ ਪੁਲਿਸ ਵੱਲੋਂ ਕੀਤੀ ਗਈ ਇਸ ਧੱਕੇਸ਼ਾਹੀ ਦੀ ਪੁਰਜ਼ੋਰ ਨਿੰਦਾ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ ਤੇ ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਯੂਥ ਕਾਂਗਰਸ ਦੇ ਪ੍ਰਧਾਨ ਗੋਲਡੀ ਧੰਜੂ, ਬਲਾਕ ਸੰਮਤੀ ਮੈਂਬਰ ਲਾਲੀ ਹਾਂਡਾ ਗਿੱਲਾਂ, ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਰਜਿੰਦਰ ਸਿੰਘ ਤਕੀਆ, ਚੇਅਰਮੈਨ ਪੀਏਡੀਬੀ ਹਰਚਰਨ ਸਿੰਘ ਬੱਗਾ, ਜਗਜੀਤ ਸਿੰਘ ਚੰਦੀ, ਗੁਰਪ੍ਰੀਤ ਸਿੰਘ ਗੋਪੀ ਡੱਲਾ, ਐੱਨਆਰਆਈ ਕ੍ਰਿਪਾਲ ਸਿੰਘ ਜੈਨਪੁਰ, ਅਨਿਲ ਕੁਮਾਰ ਭੋਲਾ ਸ਼ਾਹ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ ਤੇ ਅਸ਼ੋਕ ਕੁਮਾਰ ਮੋਗਲਾ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਕੌਂਸਲਰ ਸੰਤਪ੍ਰੀਤ ਸਿੰਘ ਤੇ ਪਵਨ ਕੁਮਾਰ ਕਨੋਜੀਆ, ਬੱਬੂ ਖੈੜਾ ਬੇਟ, ਮਿੰਟੂ ਨਈਅਰ, ਸੋਨੂੰ ਅਟਵਾਲ, ਸਰਪੰਚ ਸਰਬਜੀਤ ਸਿੰਘ ਛੱਬਾ ਜਾਰਜਪੁਰ, ਕਸ਼ਮੀਰ ਸਿੰਘ ਧੰਜੂ, ਅਤਰ ਸਿੰਘ ਡੇਰਾ ਸੈਯਦਾਂ, ਨਵਦੀਪ ਨੰਢਾ, ਦਿਲਬਾਗ ਸਿੰਘ ਨੂਰੋਵਾਲ, ਬਲਵੀਰ ਸਿੰਘ ਜੈਨਪੁਰ, ਹਰਦੀਪ ਸਿੰਘ ਸਾਬੀ, ਗੁਰਵਿੰਦਰ ਸਿੰਘ, ਅਨੂਪ ਸਿੰਘ, ਸਿਕੰਦਰ ਸਿੰਘ ਆਹਲੀ, ਸੋਨੂੰ ਸੱਧੂਵਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਹਲਕੇ ਭਰ ਤੋਂ ਸਮਰਥਕ ਵੀ ਹਾਜ਼ਰ ਸਨ।