ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੂਕੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ
ਬਿਜਲੀ ਸੋਧ ਬਿਲ ਖਿਲਾਫ ਕਿਸਾਨ ਮਜਦੂਰ ਸੰਘਰਸ਼ ਕਮੇਟੀ ਤੇ ਫੂਕੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ
Publish Date: Sun, 16 Nov 2025 10:08 PM (IST)
Updated Date: Sun, 16 Nov 2025 10:11 PM (IST)

ਬਿਜਲੀ ਸੋਧ ਬਿਲ ਖਿਲਾਫ ਸੜਕਾਂ ’ਤੇ ਉਤਰੇ ਕਿਸਾਨ ਤੇ ਮਜ਼ਦੂਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜਿਥੇ ਬਿਜਲੀ ਸੋਧ ਬਿੱਲ 2025 ਨੂੰ ਲੈ ਕੇ ਪੰਜਾਬ ਸਰਕਾਰ ਨੇ ਰਹੱਸਮਈ ਤਰੀਕੇ ਨਾਲ ਚੁੱਪ ਵੱਟੀ ਹੋਈ ਹੈ, ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਐਲਾਨ ਅਨੁਸਾਰ ਅੱਜ ਦੂਜੇ ਦਿਨ 130 ਤੋਂ ਵੱਧ ਪਿੰਡਾਂ ਵਿਚ ਮੋਦੀ ਅਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕ ਕੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਦਾ ਬਿਗੁਲ ਵਜਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਨੇ ਦੱਸਿਆ ਕਿ ਇਸ ਬਿਜਲੀ ਬਿੱਲ ਦੇ ਖਰੜੇ ਵਿਚਲੀਆਂ ਮਦਾਂ ਤੋਂ ਸਾਫ ਹੁੰਦਾ ਹੈ ਕਿ ਅਗਰ ਇਹ ਬਿੱਲ ਕਾਨੂੰਨ ਦਾ ਰੂਪ ਧਾਰਨ ਕਰ ਜਾਂਦਾ ਹੈ ਤਾਂ ਬਿਜਲੀ ਵਰਗੀ ਜ਼ਰੂਰੀ ਚੀਜ਼ ਅਤਿ ਮਹਿੰਗੀ ਹੋ ਜਾਵੇਗੀ ਕਿਉਕਿ ਪਹਿਲਾਂ ਜਿੱਥੇ ਬਿਜਲੀ ਉਤਪਾਦਨ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਹੋ ਚੁੱਕਾ ਹੈ, ਉਥੇ ਇਸ ਕਾਨੂੰਨ ਰਾਹੀਂ ਬਿਜਲੀ ਵੰਡਣ ਅਤੇ ਬਿੱਲ ਵਸੂਲਣ ਦੇ ਅਧਿਕਾਰ ਵੀ ਪ੍ਰਾਈਵੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ ਹਨ ਅਤੇ ਬਿਜਲੀ ’ਤੇ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਸਬਸਿਡੀ ਬੰਦ ਹੋਵੇਗੀ। ਉਨ੍ਹਾਂ ਕਿਹਾ ਕਿ ਮੂਲ ਰੂਪ ਵਿਚ ਵੇਖਿਆ ਜਾਵੇ ਤਾਂ ਸ਼ੁਰੂਆਤ ਵਿਚ ਬਿਜਲੀ ਰਾਜਾਂ ਦਾ ਵਿਸ਼ਾ ਸੀ, ਜਿਸ ਨੂੰ ਫਿਰ ਸਾਂਝੀ ਸੂਚੀ ਵਿਚ ਸ਼ਾਮਲ ਕਰ ਦਿੱਤਾ ਗਿਆ ਅਤੇ ਹੁਣ ਇਸ ਕਾਨੂੰਨ ਰਾਹੀਂ ਕੇਂਦਰ ਸਰਕਾਰ ਬਿਜਲੀ ਨੂੰ ਪੂਰੇ ਤਰੀਕੇ ਨਾਲ ਕੇਂਦਰ ਦੇ ਹੱਥਾਂ ਵਿਚ ਦਿੱਤਾ ਜਾਵੇਗਾ। ਇਕ ਤਰੀਕੇ ਨਾਲ ਇਹ ਰਾਜਾਂ ਦੇ ਹੱਕਾਂ ’ਤੇ ਡਾਕਾ ਮਾਰਨ ਵਾਂਗ ਹੈ, ਜਿਸ ਤਰ੍ਹਾਂ ਕੇਂਦਰ ਸਰਕਾਰ ਲਗਾਤਾਰ ਤਾਕਤ ਦੇ ਕੇਂਦਰੀਕਰਨ ’ਤੇ ਜ਼ੋਰ ਲਗਾ ਰਹੀ ਹੈ ਅਤੇ ਇਸੇ ਤਹਿਤ ਹੀ ਡੈਮ ਪ੍ਰਬੰਧਨ, ਸਿੱਖਿਆ ਦੇ ਖੇਤਰ, ਖੇਤੀਬਾੜੀ ਸਬੰਧੀ ਕਾਨੂੰਨ ਬਣਾਉਣ ਅਤੇ ਹੁਣ ਬਿਜਲੀ ਪ੍ਰਬੰਧ ਨੂੰ ਲੈ ਕੇ ਕੇਂਦਰ ਸਰਕਾਰ ਪੂਰੀਆਂ ਤਾਕਤਾਂ ਆਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਧਿਕਾਰ ਨਹੀਂ ਕਿ ਉਹ ਅਜਿਹੇ ਕਾਨੂੰਨ ਬਣਾਵੇ, ਕਿਉਂਕਿ ਭਾਰਤ ਰਾਜਾਂ ਦਾ ਇਕ ਸੰਘ ਹੈ ਅਤੇ ਸੰਘੀ ਢਾਂਚੇ ਅਨੁਸਾਰ ਹੀ ਠੀਕ ਚੱਲ ਸਕਦਾ ਹੈ। ਸੋ ਦੇਸ਼ ਦੀ ਸਰਕਾਰ ਨੂੰ ਇਸਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਜ ਤੋਂ 3 ਦਿਨਾਂ ਐਕਸ਼ਨ ਦੇ ਦੂਜੇ ਦਿਨ ਜਥੇਬੰਦੀ ਵੱਲੋਂ 6 ਜ਼ੋਨਾਂ ਦੇ ਵੱਖੋ-ਵੱਖ ਸੈਕੜੇ ਪਿੰਡਾਂ ਵਿਚ ਪੁਤਲੇ ਫੂਕੇ ਗਏ ਅਤੇ ਇਹ ਪ੍ਰਦਰਸ਼ਨ 17 ਨਵੰਬਰ ਨੂੰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਲਿਆਂਦਾ ਗਿਆ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਕੇ 1948 ਦਾ ਲੋਕ ਪੱਖੀ ਬਿਜਲੀ ਐਕਟ ਲਾਗੂ ਕਰੇ। ਇਸ ਸਮੇਂ ਪ੍ਰਦਰਸ਼ਨ ਵਿਚ ਹਾਜ਼ਰ ਜ਼ਿਲ੍ਹਾ ਖਜ਼ਾਨਚੀ ਹਾਕਮ ਸਿੰਘ ਸ਼ਾਹਜਹਾਨਪੁਰ, ਜ਼ੋਨ ਬਾਬਾ ਬੀਰ ਸਿੰਘ ਪ੍ਰਧਾਨ ਪਿਆਰਾ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਸ਼ੇਰਪੁਰ ਸੱਧਾ, ਸੁਖਵਿੰਦਰ ਸਿੰਘ ਸੌਨੀ, ਜ਼ੋਨ ਸੁਲਤਾਨਪੁਰ ਖਜ਼ਾਨਚੀ ਮਲਕੀਤ ਸਿੰਘ ਫੱਤੋਵਾਲ, ਸਰਬਜੀਤ ਸਿੰਘ ਕਾਲੇਵਾਲ, ਭਜਨ ਸਿੰਘ ਖਿਜਰਪੁਰ, ਹਰਦੀਪ ਸਿੰਘ ਬਾਊਪੁਰ, ਮੇਜਰ ਸਿੰਘ ਤਲਵੰਡੀ ਚੌਧਰੀਆਂ, ਜ਼ੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ, ਸਕੱਤਰ ਬਲਦੇਵ ਸਿੰਘ ਕੰਬੋਜ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ, ਜ਼ੋਨ ਭਾਈ ਲਾਲੂ ਜੀ ਡੱਲਾ, ਸਕੱਤਰ ਬਲਬੀਰ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ ਬੁੱਟਰ, ਜਗਜੀਤ ਸਿੰਘ ਕੋਟ ਕਰਾਰ ਖਾਂ, ਬਲਵੰਤ ਸਿੰਘ ਰਣਜੀਤ ਸਿੰਘ, ਤਰਸੇਮ ਸਿੰਘ, ਸੰਦੀਪ ਸਿੰਘ ਮੁਹੱਬਲੀਪੁਰ, ਜ਼ੋਨ ਮੀਰੀ ਪੀਰੀ ਗੁਰਸਰ ਸਾਹਿਬ ਪ੍ਰਧਾਨ ਹਰਵਿੰਦਰ ਸਿੰਘ ਉੱਚਾ ਸਕੱਤਰ ਗੁਰਮੇਜ ਸਿੰਘ ਦੇਸਲ, ਹਰਜੀਤ ਸਿੰਘ ਦੇਸਲ, ਲਾਡਾ, ਹਰਜਿੰਦਰ ਸਿੰਘ, ਜ਼ੋਨ ਬੰਦਾ ਸਿੰਘ ਬਹਾਦਰ ਪ੍ਧਾਨ ਜੋਗਾ ਸਿੰਘ, ਮਹਿੰਦਰ ਸਿੰਘ, ਇੰਦਰਜੀਤ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰੰਧੀਰਪੁਰ ਆਦਿ ਵੀ ਹਾਜ਼ਰ ਸਨ। ਕੈਪਸ਼ਨ : 16ਕੇਪੀਟੀ35