ਮੁਲਾਜ਼ਮਾਂ ’ਤੇ ਕੀਤਾ ਗਿਆ ਤਸ਼ੱਦਦ ਨਿੰਦਣਯੋਗ : ਡੀਟੀਐੱਫ
ਡੀ.ਐੱਮ.ਐੱਫ ਵੱਲੋਂ ਰੋਡਵੇਜ਼ ਤੇ ਪੀ.ਆਰ.ਟੀ. ਸੀ ਮੁਲਾਜ਼ਮਾਂ ਤੇ ਪੁਲਿਸ ਜਬਰ,ਗ੍ਰਿਫਤਾਰੀਆਂ ਅਤੇ ਮੁੱਤਲੀਆਂ ਦੀ ਸਖਤ ਭੰਡੀ
Publish Date: Tue, 02 Dec 2025 09:23 PM (IST)
Updated Date: Tue, 02 Dec 2025 09:26 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੀ ਫਗਵਾੜਾ ਇਕਾਈ ਨੇ ਹੱਕ ਮੰਗਦੇ ਰੋਡਵੇਜ਼ ਤੇ ਪੀਆਰਟੀਸੀ ਮੁਲਾਜ਼ਮਾਂ ਦੀ ਪਿਛਲੇ ਦਿਨੀਂ ਸਰਕਾਰੀ ਸ਼ਹਿ ’ਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ, ਪੱਗਾਂ ਉਤਾਰਨ, ਕੇਸਾਂ ਤੋਂ ਫੜ ਘੜੀਸਣ ਅਤੇ ਕੱਪੜੇ ਪਾੜਨ, ਗ੍ਰਿਫਤਾਰੀਆਂ ਅਤੇ ਮੁੱਅਤਲੀਆਂ ਦੀ ਸਖਤ ਆਲੋਚਨਾ ਕੀਤੀ ਹੈ। ਫੈੱਡਰੇਸ਼ਨ ਦੇ ਸਥਾਨਕ ਆਗੂਆਂ ਕੁਲਵਿੰਦਰ ਕੌਰ, ਗੁਰਮੁਖ ਲੋਕਪ੍ਰੇਮੀ, ਰਜਿੰਦਰਪਾਲ ਕੌਰ, ਆਸ਼ਮਾਂ, ਰਾਜਵਿੰਦਰ ਕੌਰ ਅਤੇ ਅਨੀਤਾ ਦੇਵੀ ਨੇ ਕਿਹਾ ਕਿ ਲੋਕਾਂ ਨੂੰ ਸਫ਼ਰ ਦੀ ਸਹੂਲਤ ਲਈ ਸਰਕਾਰ ਨਵੀਆਂ ਬੱਸਾਂ ਨਹੀਂ ਪਾ ਰਹੀ ਸਗੋਂ ਮੁਲਾਜ਼ਮ ਮਾਰੂ ਕਿਲੋਮੀਟਰ ਸਕੀਮ ਰਾਹੀਂ ਪ੍ਰਾਈਵੇਟ ਸੇਠਾਂ ਨੂੰ ਟੈਂਡਰ ਦੇ ਰਹੀ ਹੈ। ਜਦੋਂ ਰੋਡਵੇਜ਼ ਮੁਲਾਜ਼ਮਾਂ ਨੇ ਇਸਦਾ ਵਿਰੋਧ ਕੀਤਾ ਤਾਂ ਉਨ੍ਹਾਂ ’ਤੇ ਪੁਲਿਸ ਰਾਹੀਂ ਅੰਨ੍ਹਾ ਤਸ਼ੱਦਦ ਕੀਤਾ ਗਿਆ ਜੋ ਕਿ ਲੋਕ-ਪੱਖੀ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਆਗੂਆਂ ਨੇ ਕਿਹਾ ਕਿ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਣ ਵਾਲੀ ਆਪ ਸਰਕਾਰ ਵੀ ਬਾਕੀਆਂ ਵਾਂਗ ਜਨਤਕ ਅਦਾਰਿਆਂ ਨੂੰ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ। ਮੌਜੂਦਾ ਸਰਕਾਰ ਦੇ ਰਾਜ ਵਿਚ ਹੱਕ ਮੰਗਦੇ ਲੋਕਾਂ ’ਤੇ ਜਬਰ ਹੋਰ ਵੀ ਤੇਜ਼ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਰੋਡਵੇਜ਼ ਤੇ ਪੀਆਰਟੀਸੀ ਅਦਾਰੇ ਵਿਚ ਨਵੀਆਂ ਭਰਤੀਆਂ ਕੀਤੀਆਂ ਜਾਣ, ਨਵੀਆਂ ਬੱਸਾਂ ਪਾਈਆਂ ਜਾਣ, ਅਮੀਰ ਸੇਠਾਂ ਦੀਆਂ ਟ੍ਰਾਂਸਪੋਰਟ ਕੰਪਨੀਆਂ ’ਤੇ ਲਗਾਮ ਲਗਾ ਕੇ ਲੋਕਾਂ ਦੇ ਖਜ਼ਾਨੇ ਦੀ ਲੁੱਟ ਬੰਦ ਕੀਤੀ ਜਾਵੇ। ਸਾਰੇ ਸਰਕਾਰੀ ਮਹਿਕਮਿਆਂ ਵਿਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ, ਖਤਮ ਕੀਤੀਆਂ ਅਸਾਮੀਆਂ ਸੁਰਜੀਤ ਕੀਤੀਆਂ ਜਾਣ ਅਤੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਮੁਲਾਜ਼ਮ ਸੰਘਰਸ਼ਾਂ ਦੌਰਾਨ ਉਨ੍ਹਾਂ ’ਤੇ ਪਾਏ ਝੂਠੇ ਕੇਸ ਅਤੇ ਮੁਅੱਤਲੀਆਂ ਤੁਰੰਤ ਰੱਦ ਕੀਤੀਆਂ ਜਾਣ। ਕੈਪਸ਼ਨ-02ਪੀਐਚਜੀ5