ਦਇਆਵੰਤੀ ਫਾਊਂਡੇਸ਼ਨ ਨੇ ਵਿਦਿਆਰਥੀਆਂ ਨੂੰ ਵੰਡੇ ਵਜ਼ੀਫੇ
ਦਇਆਵੰਤੀ ਫਾਊਂਡੇਸ਼ਨ ਨੇ 17 ਸਕੂਲਾਂ ਦੇ 109 ਹੋਣਹਾਰ ਵਿਿਦਆਰਥੀਆਂ ਨੂੰ ਵੰਡੇ ਵਜੀਫੇ
Publish Date: Sun, 24 May 2026 06:44 PM (IST)
Updated Date: Sun, 24 May 2026 06:46 PM (IST)

17 ਸਕੂਲਾਂ ਦੇ 109 ਹੋਣਹਾਰਾਂ ਨੂੰ ਦਿੱਤੀ ਸਕਾਲਰਸ਼ਿਪ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਦਇਆਵੰਤੀ ਫਾਊਂਡੇਸ਼ਨ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਸਕਾਲਰਸ਼ਿਪ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਬੱਤਰਾ, ਚੇਅਰਪਰਸਨ ਅਰਚਨਾ ਬੱਤਰਾ ਤੇ ਉਪ ਚੇਅਰਮੈਨ ਮੰਜੂ ਬੱਤਰਾ ਵੱਲੋਂ ਵੱਖ-ਵੱਖ 17 ਸਕੂਲਾਂ ਦੇ 109 ਹੋਣਹਾਰ ਵਿਦਿਆਰਥੀਆਂ ਨੂੰ 2-2 ਹਜ਼ਾਰ ਰੁਪਏ ਦੀ ਕੁੱਲ 2 ਲੱਖ 18 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਭੇਟ ਕੀਤੀ ਗਈ। ਸਤੀਸ਼ ਬੱਤਰਾ ਤੇ ਅਰਚਨਾ ਬੱਤਰਾ ਨੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਮਿਹਨਤ ਤੇ ਲਗਨ ਨਾਲ ਆਪਣੇ ਟੀਚੇ ਹਾਸਲ ਕਰਨ ਤੇ ਫਾਊਂਡੇਸ਼ਨ ਵੱਲੋਂ ਹਰ ਸੰਭਵ ਸਹਾਇਤਾ ਜਾਰੀ ਰਹੇਗੀ। ਫਾਊਂਡੇਸ਼ਨ ਦੇ ਮੈਂਬਰ ਡਾ. ਐੱਮਪੀ ਸਿੰਘ (ਨੈਸ਼ਨਲ ਲੈਬੋਰਟਰੀ) ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਪੱਸ਼ਟ ਟੀਚਾ ਨਿਰਧਾਰਤ ਕਰਕੇ ਉਸਦੀ ਪ੍ਰਾਪਤੀ ਲਈ ਨਿਰੰਤਰ ਯਤਨ ਕਰਨ ਲਈ ਪ੍ਰੇਰਿਤ ਕੀਤਾ। ਮੈਨੇਜਰ ਪਰਮਜੀਤ ਸਿੰਘ ਚੱਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਗਵਾੜਾ ਦੇ 20 ਸਕੂਲਾਂ ਨੂੰ ਅੱਠਵੀਂ ਤੇ ਦਸਵੀਂ ਬੋਰਡ ਪ੍ਰੀਖਿਆ ਵਿਚ 92 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਭੇਜਣ ਲਈ ਕਿਹਾ ਗਿਆ ਸੀ। ਸਾਰੇ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਸਵਿਤਾ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਲਈ ਮਿਹਨਤ ਦੇ ਨਾਲ-ਨਾਲ ਮੈਡੀਟੇਸ਼ਨ ਕਰਨ ਦਾ ਸੰਦੇਸ਼ ਵੀ ਦਿੱਤਾ। ਵਿਦਿਆਰਥੀਆਂ ਤੇ ਅਧਿਆਪਕਾਂ ਲਈ ਚਾਹ-ਪਾਣੀ ਦੀ ਸੇਵਾ ਸੰਦੀਪ ਕੌੜਾ, ਜਤਿੰਦਰ ਕੁਮਾਰ ਜਿੰਦੀ ਤੇ ਮੋਹਨ ਲਾਲ ਤਨੇਜਾ ਵੱਲੋਂ ਨਿਭਾਈ ਗਈ। ਫਾਊਂਡੇਸ਼ਨ ਦੇ ਜਨਰਲ ਸਕੱਤਰ ਮਲਕੀਤ ਸਿੰਘ ਰਘਬੋਤਰਾ ਨੇ ਮੰਚ ਸੰਚਾਲਨ ਕਰਦਿਆਂ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਤੇ ਬੱਤਰਾ ਪਰਿਵਾਰ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕਾਰਜ ਫਰੰਟੀਅਰ ਕਲਾਥ ਹਾਊਸ ਦੇ ਸੰਸਥਾਪਕ ਮਾਤਾ ਦਇਆਵੰਤੀ ਤੇ ਪਿਤਾ ਬੰਸੀਲਾਲ ਬੱਤਰਾ ਤੋਂ ਪ੍ਰੇਰਿਤ ਹਨ, ਜਿਨ੍ਹਾਂ ਨੇ ਸੰਘਰਸ਼ ਭਰੀ ਜ਼ਿੰਦਗੀ ਰਾਹੀਂ ਸਫਲਤਾ ਹਾਸਲ ਕਰਕੇ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਅਖੀਰ ਵਿਚ ਫਾਉਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਵੱਲੋਂ ਸਮੂਹ ਪਤਵੰਤਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।