ਬੇਗ਼ਮਪੁਰਾ ਖ਼ਾਲਸਾ ਲਹਿਰ ਸਮਾਜ ਦੇ ਹਰ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰੇਗੀ : ਡਾ. ਜੱਖੂ
ਬੇਗ਼ਮਪੁੱਰਾ ਖਾਲਸਾ ਲਹਿਰ ਸਮਾਜ ਦੇ ਹਰ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰੇਗੀ - ਡਾ.ਹਰਜਿੰਦਰ ਜੱਖੂ
Publish Date: Sat, 23 May 2026 06:35 PM (IST)
Updated Date: Sun, 24 May 2026 04:08 AM (IST)

ਕੈਪਸ਼ਨ-23ਪੀਐਚਜੀ2 ਨਵੀਆਂ ਨਿਯੁਕਤੀਆਂ ਸੰਬਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਮੁੱਖ ਬੁਲਾਰੇ ਤੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਡਾ. ਹਰਜਿੰਦਰ ਜੱਖੂ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅੱਜ ਮੋਗਾ ਜ਼ਿਲ੍ਹਾ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਸੀਨੀਅਰ ਜਥੇਦਾਰ ਸਾਹਿਬਾਨਾਂ ਦੀ ਮੀਟਿੰਗ ਕੀਤੀ ਗਈ, ਜਿਸ ’ਚ ਵਿਸ਼ੇਸ਼ ਤੌਰ ਤੇ ਪਾਰਟੀ ਹਾਈ ਕਮਾਂਡ ਵੱਲੋਂ ਜਥੇਬੰਦੀ ਦੇ ਮੁੱਖ ਬੁਲਾਰੇ ਤੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਡਾਕਟਰ ਹਰਜਿੰਦਰ ਸਿੰਘ ਜੱਖੂ ਸ਼ਾਮਲ ਹੋਏ। ਮੀਟਿੰਗ ਦੌਰਾਨ ਜਥੇਦਾਰ ਸਾਹਿਬਾਨ ਦੇ ਵਿਚਾਰ ਸੁਣਨ ਤੋਂ ਬਾਅਦ ਵਿਧਾਨ ਸਭਾ ਹਲਕਾ ਧਰਮਕੋਟ ਤੇ ਵਿਧਾਨ ਸਭਾ ਹਲਕਾ ਵਾਘਾ ਪੁਰਾਣਾ ਦੇ ਇੰਚਾਰਜ ਨਿਯੁਕਤ ਕਰਨ ਦਾ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ। ਧਰਮਕੋਟ ਲਈ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਰਾਜ ਸਿੰਘ ਖ਼ਾਲਸਾ ਨੂੰ ਅਤੇ ਜ਼ਿਲ੍ਹੇ ਦੇ ਯੂਥ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਥਰਾਜ ਨੂੰ ਬਾਘਾ ਪੁਰਾਣਾ ਤੋਂ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਫ਼ੈਸਲਾ ਹੋਇਆ। ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਮੋਗਾ ਵਿਧਾਨ ਸਭਾ ਹਲਕਾ ਤੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਿਆਂ ਦਾ ਹਾਲੇ ਕੋਈ ਵੀ ਇੰਚਾਰਜ ਨਹੀਂ ਨਿਯੁਕਤ ਕੀਤਾ ਗਿਆ। ਇਨ੍ਹਾਂ ਦੋਨਾਂ ਹਲਕਿਆਂ ਲਈ ਵਿਚਾਰਾਂ ਚੱਲ ਰਹੀਆਂ ਹਨ ਤੇ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪਾਰਲੀਮੈਂਟਰੀ ਬੋਰਡ ਵੱਲੋਂ ਪੂਰੇ ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਡਾ. ਜੱਖੂ ਨੇ ਦੱਸਿਆ ਕਿ ਪਹਿਲਾਂ ਹੀ ਦੁਆਬੇ ਦੇ 15 ਵਿਧਾਨ ਸਭਾ ਹਲਕੇ, ਜ਼ਿਲ੍ਹਾ ਬਰਨਾਲੇ ਦੇ ਤਿੰਨੋ ਹੀ ਵਿਧਾਨ ਸਭਾ ਹਲਕੇ ਤੇ ਮੋਗਾ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਲਗਪਗ 20 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਅਨਾਊਂਸਮੈਂਟ ਕਰ ਦਿੱਤੀ ਗਈ। ਡਾਕਟਰ ਜੱਖੂ ਨੇ ਦੱਸਿਆ ਕਿ ਇਹ ਅਸੀਂ ਹਲਕਾ ਇੰਚਾਰਜ ਨਿਯੁਕਤ ਕਰ ਰਹੇ ਹਾਂ ਉਮੀਦਵਾਰ ਨਹੀਂ ਡਿਕਲੇਅਰ ਕਰ ਰਹੇ ਤੇ ਉਮੀਦਵਾਰਾਂ ਦਾ ਐਲਾਨ ਅਕਤੂਬਰ ’ਚ ਦਲ ਦਾ ਪਾਰਲੀਮੈਂਟਰੀ ਬੋਰਡ ਮੀਟਿੰਗ ਉਪਰੰਤ ਸਿਮਰਨਜੀਤ ਸਿੰਘ ਮਾਨ ਦੀ ਸਹਿਮਤੀ ਤੋਂ ਬਾਅਦ ਕੀਤਾ ਜਾਵੇਗਾ। ਡਾ. ਜੱਖੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਥਕ ਸਫਾਂ ’ਚ ਏਕਾ ਚਾਹੁੰਦਾ ਹੈ ਤਾਂ ਜੋ ਪੰਥਕ ਸ਼ਕਤੀ ਇਕੱਠੇ ਹੋ ਕੇ ਚੋਣ ਲੜਕੇ ਤਾਂ ਕਿ ਪੰਜਾਬ ਅੰਦਰ ਪੰਥਕ ਸਰਕਾਰ ਬਣ ਸਕੇ। ਉਨ੍ਹਾਂ ਦੱਸਿਆ ਕਿ 13 ਜੂਨ ਨੂੰ ਦੁਆਬੇ ਦੀ ਧਰਤੀ ਫਗਵਾੜੇ ਦੀ ਦਾਣਾ ਮੰਡੀ ਵਿਖੇ ਪਾਰਟੀ ਵੱਲੋਂ ਬੇਗ਼ਮਪੁਰਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ ਜਿਸ ਨੂੰ ਕੌਮ ਦੇ ਜਰਨੈਲ ਸ੍ਰ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨਗੇ। ਡਾ. ਜੱਖੂ ਨੇ ਦੱਸਿਆ ਕਿ ਬੇਗ਼ਮਪੁੱਰਾ ਖਾਲਸਾ ਲਹਿਰ ਸਮਾਜ ਦੇ ਹਰ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰੇਗੀ।