ਧੂਰੀ ਸੂਬਾਈ ਰੈਲੀ ’ਚ ਸ਼ਾਮਲ ਹੋਣ ਲਈ ਪੈਨਸ਼ਨਰਾਂ ਦਾ ਜਥਾ ਰਵਾਨਾ
ਸਾਂਝਾ ਫਰੰਟ ਦੀ ਧੂਰੀ ਸੂਬਾਈ ਰੈਲੀ ਵਿੱਚ ਸ਼ਾਮਲ ਹੋਣ ਲਈ ਪੈਨਸ਼ਨਰਾਂ ਦਾ ਜਥਾ ਹੋਇਆ ਰਵਾਨਾ
Publish Date: Sun, 16 Nov 2025 07:06 PM (IST)
Updated Date: Sun, 16 Nov 2025 07:08 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਬੇਰੁਖੀ ਦਿਖਾਉਣ ਦੇ ਵਿਰੋਧ ਵਿਚ ਮੁੱਖ ਮੰਤਰੀ ਪੰਜਾਬ ਦੇ ਹਲਕੇ ਵਿਚ ਧੂਰੀ(ਸੰਗਰੂਰ) ਵਿਖੇ ਸਾਂਝਾ ਫਰੰਟ ਪੰਜਾਬ ਵੱਲੋਂ ਅੱਜ ਕੀਤੀ ਜਾ ਰਹੀ ਸੂਬਾਈ ਰੈਲੀ ਵਿਚ ਸ਼ਾਮਲ ਹੋਣ ਲਈ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ/ਫਿਲੌਰ ਦਾ ਜਥਾ ਪ੍ਰਧਾਨ ਮੋਹਣ ਸਿੰਘ ਭੱਟੀ ਅਤੇ ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਬੀਕਾ ਦੀ ਅਗਵਾਈ ਵਿਚ ਰਵਾਨਾ ਹੋਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਨੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਨਿਕੰਮੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਲਈ 18 ਨਵੰਬਰ 2022 ਨੂੰ ਜਾਰੀ ਕੀਤੇ ਆਪਣੇ ਹੀ ਨੋਟੀਫਿਕੇਸ਼ਨ ਨੂੰ ਅੱਜ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ। ਮੌਜੂਦਾ ਸਰਕਾਰ ਦੇ ਦੌਰ ਵਿਚ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਗੁਆਂਢੀ ਰਾਜਾਂ ਅਤੇ ਦੇਸ਼ ਦੇ ਹੋਰ ਸੂਬਿਆਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲੋਂ 16 ਪ੍ਰਤੀਸ਼ਤ ਘੱਟ ਡੀਏ ਲੈ ਰਹੇ ਹਨ, ਜਿਸ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਨਾਂ ਅੰਦਰ ਪੰਜਾਬ ਸਰਕਾਰ ਪ੍ਰਤੀ ਅਥਾਹ ਗੁੱਸੇ ਦੀ ਲਹਿਰ ਭੜਕੀ ਹੋਈ ਹੈ। 01/01/2016 ਨੂੰ 125 ਪ੍ਰਤੀਸ਼ਤ ਡੀਏ ਮਰਜ਼ ਕਰਕੇ ਪੇ/ਪੈਨਸ਼ਨਾਂ ਫਿਕਸ ਕਰਨਾ, ਪੈਨਸ਼ਨਰਾਂ ਨੂੰ 2.59 ਗੁਣਾਂਕ, ਕੱਚੇ ਮੁਲਾਜ਼ਮਾਂ ਨੂੰ ਪੂਰੇ ਗਰੇਡਾਂ ’ਤੇ ਰੈਗੂਲਰ, ਮਾਣ ਭੱਤਾ ਵਰਕਰਾਂ/ਮੁਲਾਜ਼ਮਾਂ ’ਤੇ ਘੱਟੋ-ਘੱਟ ਉਜਰਤ ਲਾਗੂ ਕਰਨਾ, ਮੈਡੀਕਲ ਭੱਤਾ 2000/- ਰੁਪਏ ਮਹੀਨਾ ਕਰਨਾ, ਕੈਸ਼ਲੈੱਸ ਹੈੱਲਥ ਸਕੀਮ ਸੋਧ ਕੇ ਲਾਗੂ ਕਰਨਾ, 200/- ਰੁਪਏ ਮਹੀਨਾ ਦਾ ਜਜੀਆ ਟੈਕਸ ਬੰਦ ਕਰਨਾ, ਸੋਧ ਦੇ ਨਾਂ ’ਤੇ ਬੰਦ ਕੀਤੇ ਭੱਤੇ ਬਹਾਲ ਕਰਨਾ, ਡੀਏ ਦੀਆਂ ਕਿਸ਼ਤਾਂ ਅਤੇ ਰਹਿੰਦੇ ਬਕਾਏ ਤੁਰੰਤ ਨਗਦ ਨਾ ਦੇਣਾ ਆਦਿ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਰੱਤੀ ਵੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਉਲਟਾ ਹਰ ਵਰਗ ਦੇ ਸੰਘਰਸ਼ਸ਼ੀਲ ਮੁਲਾਜ਼ਮਾਂ ’ਤੇ ਘੋਰ ਤਸ਼ੱਸਦ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਸਮੇਂ ਰਹਿੰਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਲਈ ਜਲਦੀ ਤੋਂ ਜਲਦੀ ਗੰਭੀਰਤਾ ਨਾਲ ਦਿਖਾਈ ਤਾਂ ਇਸ ਦਾ ਖਮਿਆਜ਼ਾ ਵਿਧਾਨ ਸਭਾ ਚੋਣਾਂ 2027 ਵਿਚ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅੱਜ ਦੇ ਜਥੇ ਵਿਚ ਪ੍ਰਧਾਨ ਮੋਹਣ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਬੀਕਾ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜੁਆਇੰਟ ਸਤਪਾਲ ਸਿੰਘ ਖੱਟਕੜ, ਜੁਆਇੰਟ ਪ੍ਰੈੱਸ ਸਕੱਤਰ ਰਤਨ ਸਿੰਘ, ਕੇਕੇ ਪਾਂਡੇ, ਹਰਭਜਨ ਲਾਲ ਕੌਲ, ਕਰਨੈਲ ਸਿੰਘ ਮਾਹਲ, ਸਤਪਾਲ ਯਾਦਵ, ਜੋਗਿੰਦਰ ਮਹਿਮੀ, ਸ਼ਿਵ ਦਾਸ ਆਦਿ ਜੁਝਾਰੂ ਪੈਨਸ਼ਨਰ ਸਾਥੀ ਸ਼ਾਮਲ ਹੋਏ। ਕੈਪਸ਼ਨ-16ਪੀਐਚਜੀ2