ਵਿਜੇ ਸੋਨੀ, ਫਗਵਾੜਾ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਹੋਈ ਘਟਨਾ ਮਗਰੋਂ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹਨ, ਜਿਸ ਤਹਿਤ ਫਗਵਾੜਾ ਯੂਥ ਕਾਂਗਰਸ ਵੱਲੋਂ ਯੂਥ ਪ੍ਰਧਾਨ ਫਗਵਾੜਾ ਕਰਮਦੀਪ ਸਿੰਘ ਕੰਮਾਂ ਦੀ ਅਗਵਾਈ ਹੇਠ ਰੈਸਟ ਹਾਊਸ ਫਗਵਾੜਾ ਤੋਂ ਗੋਲ ਚੌਕ ਤਕ ਰੋਸ ਮਾਰਚ ਕੱਿਢਆ ਗਿਆ। ਉਪਰੰਤ ਕੇਂਦਰ ਦੀ ਭਾਜਪਾ ਸਰਕਾਰ, ਯੂਪੀ ਸਰਕਾਰ, ਮੰਤਰੀ ਅਜੇ ਮਿਸ਼ਰਾ ਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੇ ਪੁਤਲੇ ਫੂਕੇ ਗਏ। ਇਸ ਰੋਸ ਮਾਰਚ 'ਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈਏਐੱਸ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਖੀਮਪੁਰ ਖੀਰੀ 'ਚ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੱਡੀ ਚੜ੍ਹਾ ਕੇ ਜੋ ਕਾਰਜ ਭਾਜਪਾ ਆਗੂਆਂ ਨੇ ਕੀਤਾ ਹੈ ਉਹ ਨਿੰਦਣਯੋਗ ਹੈ। ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਚਣ ਨਹੀਂ ਦੇਣਾ ਚਾਹੀਦਾ, ਜਿਸ ਲਈ ਸਾਰੀ ਕਾਂਗਰਸ ਪਾਰਟੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਤੇ ਜਦੋਂ ਤਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਗੁਰਦਿਆਲ ਸਿੰਘ ਭੁਲਾਰਾਈ, ਸਰਜੀਵਨ ਲਤਾ, ਸੁਮਨ ਸ਼ਰਮਾ, ਨਿਸ਼ਾ ਰਾਣੀ, ਮੀਨਾਕਸ਼ੀ, ਕਰਮਦੀਪ ਕੰਮਾਂ, ਕਮਲ ਧਾਲੀਵਾਲ, ਹਨੀ ਧਾਲੀਵਾਲ, ਸਨੀ ਸੱਲ੍ਹਣ ਤੇ ਸਮੂਹ ਯੂਥ ਆਗੂ ਮੌਜੂਦ ਸਨ।