ਕਰਾਈਮ ਰਿਪੋਰਟਰ, ਕਪੂਰਥਲਾ

ਸੁਭਾਨਪੁਰ ਪੁਲਿਸ ਨੇ ਇਕ ਅੌਰਤ ਨੂੰ 125 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਅੌਰਤ ਦੀ ਪਛਾਣ ਮਨਜੀਤ ਕੌਰ ਉਰਫ਼ ਮੱਲੋ ਵਾਸੀ ਲੱਖਣ ਖੋਲੇ ਸੁਭਾਨਪੁਰ ਦੇ ਰੂਪ ਵਿਚ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਜੀਟੀ ਰੋਡ ਹਮੀਰਾ ਫਾਟਕ ਦੇ ਨਜ਼ਦੀਕ ਸਨ ਤਾਂ ਫਾਟਕ ਤੋਂ ਦੂਜੇ ਪਾਸੇ ਉਕਤ ਮਹਿਲਾ ਖੜ੍ਹੀ ਸੀ, ਜੋ ਕਿ ਪੁਲਿਸ ਨੂੰ ਦੇਖ ਕੇ ਵਾਪਸ ਜਾਣ ਲੱਗੀ। ਜਦੋਂ ਉਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਫ਼ਰਾਰ ਹੋਣ ਲੱਗੀ। ਪੁਲਿਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 125 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ ਉਕਤ ਅੌਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।