ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਪਿੰਡ ਭੌਰ ਥਾਣਾ ਸੁਲਤਾਨਪੁਰ ਲੋਧੀ ਵਿਖੇ ਮਨਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਬੁਹਾਨੀ ਥਾਣਾ ਰਾਵਲਪਿੰਡੀ ਦੀ ਮੱਕੀ ਦੇ ਖੇਤਾਂ 'ਚੋਂ ਲਾਸ਼ ਮਿਲੀ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਮੋਠਾਂਵਾਲ ਗੁਰਦੀਪ ਸਿੰਘ ਏਐੱਸਆਈ ਨੇ ਦੱਸਿਆ ਕਿ ਕੁਲਵੰਤ ਸਿੰਘ ਵਾਸੀ ਬੁਹਾਨੀ ਥਾਣਾ ਰਾਵਲਪਿੰਡੀ ਫਗਵਾੜਾ ਆਪਣੀ ਪਤਨੀ ਮਨਜੀਤ ਕੌਰ ਸਮੇਤ ਪਿੰਡ ਸੇਚਾਂ ਵਿਖੇ ਆਪਣੀਆਂ ਦੋ ਸਾਲੀਆਂ ਨਾਲ ਹਦਵਾਣੇ ਤੋੜਨ ਵਾਸਤੇ ਆਏ ਸਨ। ਕੁਲਵੰਤ ਸਿੰਘ ਆਪਣੀ ਪਤਨੀ ਮਨਜੀਤ ਕੌਰ 'ਤੇ ਸ਼ੱਕ ਕਰਦਾ ਸੀ। ਉਸ ਵੱਲੋਂ ਆਪਣੀ ਪਤਨੀ ਨੂੰ ਆਪਣੀਆਂ ਸਾਲੀਆਂ ਨਾਲ ਬਾਹਰ ਅੰਦਰ ਜਾਣ ਤੋਂ ਰੋਕਿਆ ਗਿਆ ਪਰ ਮਨਜੀਤ ਕੌਰ ਆਪਣੀਆਂ ਭੈਣਾਂ ਨਾਲ ਬਾਹਰ ਖੇਤਾਂ 'ਚ ਕੰਮ ਕਰਨ ਚਲੀ ਗਈ, ਜਿਸ 'ਤੇ ਕੁਲਵੰਤ ਸਿੰਘ ਨੇ ਗੁੱਸੇ 'ਚ ਆ ਕੇ ਆਪਣੀ ਪਤਨੀ ਮਨਜੀਤ ਕੌਰ ਦਾ ਕਤਲ ਕਰਕੇ ਲਾਸ਼ ਮੱਕੀ ਦੇ ਖੇਤਾਂ 'ਚ ਲੁਕਾ ਦਿੱਤੀ ਅਤੇ ਆਪ ਵਾਪਸ ਬੁਹਾਨੀ ਪਿੰਡ ਥਾਣਾ ਰਾਵਲਪਿੰਡੀ ਪਹੁੰਚ ਗਿਆ ਅਤੇ ਜਾ ਕੇ ਆਪਣੀਆਂ ਸਾਲੀਆਂ ਨੂੰ ਸ਼ਾਮ 5 ਵਜੇ ਫੋਨ ਕਰ ਦਿੱਤਾ ਕਿ ਮੈਂ ਮਨਜੀਤ ਕੌਰ ਦਾ ਕਤਲ ਕਰ ਕੇ ਲਾਸ਼ ਮੱਕੀ ਦੇ ਖੇਤਾਂ 'ਚ ਸੁੱਟ ਦਿੱਤੀ ਹੈ। ਜਿਸ 'ਤੇ ਮਨਜੀਤ ਕੌਰ ਦੀਆਂ ਭੈਣਾਂ ਨੇ ਮੱਕੀ ਦੇ ਖੇਤਾਂ 'ਚੋਂ ਲਾਸ਼ ਨੂੰ ਲੱਭਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਏਐੱਸਆਈ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਪੁੱਜੀ। ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਦੀਆਂ ਭੈਣਾਂ ਦੇ ਬਿਆਨਾਂ 'ਤੇ ਕੁਲਵੰਤ ਸਿੰਘ ਵਾਸੀ ਪਿੰਡ ਬੁਹਾਨੀ ਥਾਣਾ ਰਾਵਲਪਿੰਡੀ ਖ਼ਿਲਾਫ਼ ਮਾਮਲਾ ਦਰਜ ਕਰ ਕੇ 302, 202 ਦਾ ਪਰਚਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਅਜੇ ਫ਼ਰਾਰ ਹੈ, ਜਿਸ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ।