ਪਿੰਡਾਂ ਵਾਲਿਓ ‘ਝਾੜੂ’ ਨੂੰ ਭੁੱਲ ਕੇ ਵੋਟ ਨਾ ਪਾਇਓ : ਬਿੱਟੂ
ਪਿੰਡਾਂ ਵਾਲਿਓ ‘ਝਾੜੂ’ ਨੂੰ ਭੁੱਲ ਕੇ ਵੋਟ ਨਾ ਪਾਇਓ, 14 ਦਸੰਬਰ ਨੂੰ ਪੰਜਾਬ ਬਚਾਇਓ - ਕਰਮਜੀਤ ਬਿੱਟੂ
Publish Date: Tue, 09 Dec 2025 07:41 PM (IST)
Updated Date: Tue, 09 Dec 2025 07:45 PM (IST)

ਫਗਵਾੜਾ : ਕਾਂਗਰਸ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਸਕੱਤਰ ਕਰਮਜੀਤ ਸਿੰਘ ਬਿੱਟੂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ 14 ਦਸੰਬਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਸਮੂਹ ਵੋਟਰਾਂ ਨੂੰ ਸੁਚੇਤ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ‘ਆਪ’ ਪਾਰਟੀ ਦੇ ਕਿਸੇ ਆਗੂ ਵੱਲੋਂ ਦਿਖਾਏ ਜਾਣ ਵਾਲੇ ਕਿਸੇ ਵੀ ਝੂਠੇ ਸਬਜ਼ਬਾਗ ‘ਤੇ ਬਿਲਕੁਲ ਭਰੋਸਾ ਨਾ ਕੀਤਾ ਜਾਵੇ ਕਿਉਂਕਿ ਹਰ ਚੋਣ ਤੋਂ ਪਹਿਲਾਂ ਆਪ ਪਾਰਟੀ ਦੇ ਆਗੂ ਝੂਠ ਬੋਲ ਕੇ ਵੋਟਰਾਂ ਨੂੰ ਵਰਗਲਾਉਂਦੇ ਹਨ ਅਤੇ ਵੋਟਾਂ ਤੋਂ ਬਾਅਦ ਆਪਣੇ ਵਾਅਦਿਆਂ ਤੋ ਸਾਫ ਮੁੱਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਨੇ ਇਕ ਮਹੀਨੇ ‘ਚ ਪੰਜਾਬ ਨੂੰ ਚਿੱਟਾ ਮੁਕਤ ਕਰਨ ਦੀ ਗੱਲ ਕਹੀ ਸੀ ਪਰ ਚਾਰ ਸਾਲ ਬਾਅਦ ਵੀ ਪੰਜਾਬ ਚਿੱਟੇ ਦੀ ਮੰਡੀ ਬਣਿਆ ਹੋਇਆ ਹੈ। ਲਾਅ ਐਂਡ ਆਰਡਰ ਦਾ ਪਹਿਲਾਂ ਨਾਲੋਂ ਮਾੜਾ ਹਾਲ ਹੈ। ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਅਨਸਰਾਂ ‘ਚ ਸਰਕਾਰ ਦਾ ਕੋਈ ਡਰ ਨਹੀਂ। ਆਪਣੇ-ਆਪ ਨੂੰ ਮਾਸਟਰ ਦਾ ਮੁੰਡਾ ਦੱਸ ਕੇ ਭਗਵੰਤ ਮਾਨ ਸਕੂਲ ਅਧਿਆਪਕਾਂ ਦੇ ਜਜ਼ਬਾਤਾਂ ਨਾਲ ਖੇਡਿਆ, ਵੋਟਾਂ ਲਈਆਂ ਤੇ ਫਿਰ ਮੁੱਖ ਮੰਤਰੀ ਬਣ ਕੇ ਉਨ੍ਹਾਂ ਨੂੰ ਪੁਲਿਸ ਤੋਂ ਕੁਟਵਾਇਆ। ਹਰ ਚੋਣ ਤੋਂ ਪਹਿਲਾਂ ਰਜਿਸਟਰੀਆਂ ਲਈ ਐੱਨਓਸੀ ਖਤਮ ਕਰਨ ਦੇ ਦਾਅਵੇ ਕੀਤੇ ਪਰ ਅੱਜ ਵੀ ਤਹਿਸੀਲਾਂ ‘ਚ ਲੋਕ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ ਨੂੰ ਝੂਠੇ ਲਾਅਰੇ ਲਾਏ ਅਤੇ ਬਾਅਦ ਵਿਚ ਉਨ੍ਹਾਂ ’ਤੇ ਵੀ ਤਸ਼ੱਦਦ ਕੀਤਾ। ਫਗਵਾੜਾ ਨੂੰ ਜ਼ਿਲ੍ਹਾ ਬਨਾਉਣ ਦਾ ਵਾਅਦਾ ਲੋਕਸਭਾ ਚੋਣਾਂ ਤੇ ਫਿਰ ਕਾਰਪੋਰੇਸ਼ਨ ਚੋਣਾਂ ਸਮੇਂ ਕੀਤਾ ਪਰ ਵੋਟਾਂ ਤੋਂ ਬਾਅਦ ਭੁੱਲ ਗਿਆ। ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਭੱਤਾ ਦੇਣ ਦਾ ਵਾਅਦਾ ਨਿਰਾ ਝੂਠ ਸਾਬਿਤ ਹੋਇਆ। ਉਨ੍ਹਾਂ ਨੇ ਪੰਜਾਬ ਭਰ ਦੇ ਸਮੂਹ ਪਿੰਡਾਂ ਦੇ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਵੋਟ ਨਾ ਪਾਈ ਜਾਵੇ। ਜੇਕਰ ਇਨ੍ਹਾਂ ਚੋਣਾਂ ‘ਚ ‘ਆਪ’ ਪਾਰਟੀ ਨੂੰ ਵੋਟਾਂ ਪਾਈਆਂ ਤਾਂ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਭਗਵੰਤ ਮਾਨ ਨੂੰ ਧੱਕੇਸ਼ਾਹੀ ਕਰਨ ਤੋਂ ਰੋਕਣਾ ਮੁਸ਼ਕਿਲ ਹੋ ਜਾਵੇਗਾ। ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ‘ਤੇ ਤੋਰਨਾ ਹੈ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਅੰਤਰ ਨਾਲ ਜੇਤੂ ਬਣਾ ਕੇ 2027 ‘ਚ ਸੂਬੇ ਦੀ ਸੱਤਾ ਕਾਂਗਰਸ ਦੇ ਹੱਥਾਂ ‘ਚ ਦੇਣ ਦਾ ਰਾਹ ਪੱਧਰਾ ਕੀਤਾ ਜਾਵੇ।