ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਪੱਕੀ : ਜੋਸਨ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਪੱਕੀ : ਇੰਦਰਜੀਤ ਸਿੰਘ ਜੋਸਨ
Publish Date: Sun, 24 May 2026 08:47 PM (IST)
Updated Date: Sun, 24 May 2026 08:49 PM (IST)

“ਧਮਕੀਆਂ ਦੇ ਕੇ ਵੋਟਾਂ ਨਹੀਂ ਲੁੱਟਣ ਦੇਵਾਂਗੇ, ਲੋਕ ਹੁਣ ਸਭ ਸਮਝ ਚੁੱਕੇ” ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਆਗੂ ਇੰਦਰਜੀਤ ਸਿੰਘ ਜੋਸਨ ਨੇ ਵਿਰੋਧੀ ਧਿਰਾਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੁਝ ਪਾਰਟੀਆਂ ਹੁਣ ਆਪਣੀ ਹਾਰ ਸਪੱਸ਼ਟ ਦੇਖ ਕੇ ਗੁੰਡਾਗਰਦੀ, ਧੱਕੇਸ਼ਾਹੀ ਤੇ ਲਾਲਚਾਂ ਦਾ ਸਹਾਰਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਕਿਸੇ ਕੋਲੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਲੋਕ ਹੁਣ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੇ ਹਨ ਤੇ ਜਾਣਦੇ ਹਨ ਕਿ ਸ਼ਹਿਰ ਦੀ ਭਲਾਈ ਕਿਸ ਪਾਰਟੀ ਨਾਲ ਜੁੜੀ ਹੋਈ ਹੈ। ਅੱਜ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 1 ਤੋਂ ਉਮੀਦਵਾਰ ਸੰਦੀਪ ਕੌਰ ਗਿੱਲ ਤੇ ਹੋਰ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਜੋਸਨ ਨੇ ਦੋਸ਼ ਲਗਾਇਆ ਕਿ ਆਜ਼ਾਦ ਧੜੇ ਵੱਲੋਂ ਗੁੰਡਿਆਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਵੱਡੇ ਪੱਧਰ ‘ਤੇ ਲੋਕਾਂ ਨੂੰ ਲੋਭ-ਲਾਲਚ ਦੇ ਕੇ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਸੁਲਤਾਨਪੁਰ ਲੋਧੀ ਦੀ ਸਿਆਣੀ ਜਨਤਾ ਇਨ੍ਹਾਂ ਚਾਲਾਂ ਵਿਚ ਫਸਣ ਵਾਲੀ ਨਹੀਂ। ਉਨ੍ਹਾਂ ਕਿਹਾ ਕਿ ਲੋਕ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਵੋਟ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ “ਤੱਕੜੀ” ‘ਤੇ ਹੀ ਪੈਣੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ ਤੇ ਕਮੇਟੀ ਦਾ ਪ੍ਰਧਾਨ ਵੀ ਅਕਾਲੀ ਦਲ ਦਾ ਹੀ ਬਣੇਗਾ। ਜੋਸਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਾਲਾਂ ਦੌਰਾਨ ਸੁਲਤਾਨਪੁਰ ਲੋਧੀ ਨੂੰ ਵਿਕਾਸ ਤੋਂ ਵਾਂਝਾ ਰੱਖਿਆ, ਹੁਣ ਉਹੀ ਲੋਕ ਚੋਣਾਂ ਵੇਲੇ ਝੂਠੇ ਵਾਅਦਿਆਂ ਤੇ ਦਬਾਅ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਚੜ੍ਹਦੀ ਕਲਾ ਤੇ ਪੰਥਕ ਸੋਚ ਨਾਲ ਇਕੱਠੇ ਹੋ ਕੇ ਤੱਕੜੀ ਨਿਸ਼ਾਨ ‘ਤੇ ਮੋਹਰ ਲਗਾਉਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਬਣਾਉਣ।