ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਐੱਸਐੱਚਓ ਕਰਨੈਲ ਸਿੰਘ ਦੀ ਅਗਵਾਈ ਹੇਠ ਥਾਣਾ ਭੁਲੱਥ ਦੀ ਪੁਲਿਸ ਪਾਰਟੀ ਨੇ ਅੱਡਾ ਕਮਰਾਏ 'ਚ ਨਾਕਾਬੰਦੀ ਦੌਰਾਨ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ। ਏਐੱਸਪੀ ਭੁਲੱਥ ਸਿਮਰਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਨੀਰਜ ਉਰਫ ਨੀਗਰੋ ਪੁੱਤਰ ਨਛੱਤਰ ਸਿੰਘ ਵਾਸੀ ਭੁਲੱਥ ਅਤੇ ਪਿ੍ਰੰਸ ਪੁੱਤਰ ਸੁਰਜੀਤ ਰਾਮ ਵਾਸੀ ਪਿੰਡ ਅਕਾਲਾ ਨੇ ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਭੁਲੱਥ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚੋਰੀ ਦੀਆਂ ਕਾਫੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਪਾਸੋਂ 6 ਲੱਖ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ, ਤੇ ਚੋਰੀ ਅਤੇ ਲੁੱਟਖੋਹ ਦੇ ਪੈਸਿਆਂ ਤੋਂ ਖਰੀਦ ਕੀਤੀ ਜ਼ੈੱਨ ਕਾਰ ਨੰਬਰ ਪੀਬੀ-10, ਏਸੀ-0838, ਮੋਟਰਸਾਈਕਲ ਹੀਰੋ ਹਾਂਡਾ ਨੰਬਰ ਪੀਬੀ-57, ਬੀ-8775 ਤੇ ਟੀਵੀਐੱਸ ਸਕੂਟਰ ਬਿਨਾਂ ਨੰਬਰੀ ਬਰਾਮਦ ਕੀਤਾ ਹੈ। ਏਐੱਸਪੀ ਸਿਮਰਤ ਕੌਰ ਨੇ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।