ਜੇਐੱਨਐੱਨ, ਕਪੂਰਥਲਾ : ਥਾਣਾ ਬੇਗੋਵਾਲ ਪੁਲਿਸ ਨੇ ਇਕ ਨੌਜਵਾਨ ਤੇ ਉਸ ਦੇ ਚਾਚੇ ਨੂੰ ਰਾਹ 'ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਦੇ ਦੋਸ਼ 'ਚ 9 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਵਾਦ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੇ ਬਿਆਨ 'ਚ ਸਤਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਤਲਵੰਡੀ ਕੂਕਾ ਥਾਣਾ ਬੇਗੋਵਾਲ ਨੇ ਦੱਸਿਆ ਕਿ ਦੋਸ਼ੀ ਗੁਰਪ੍ਰਰੀਤ ਸਿੰਘ, ਬਲਦੇਵ ਸਿੰਘ, ਕਾਕਾ, ਬਲਵੀਰ ਸਿੰਘ, ਮੇਸ਼ੀ, ਭਿੰਦੀ, ਕ੍ਰਿਸ਼ਨਾ, ਸੁਨੀਤਾ ਤੇ ਬਲਬੀਰ ਸਿੰਘ ਸਾਰੇ ਵਾਸੀ ਪਿੰਡ ਕੂਕਾ ਨੇ ਉਸ ਨੂੰ ਤੇ ਉਸ ਦੇ ਚਾਚਾ ਨੂੰ ਘੇਰ ਲਿਆ। ਸਾਰੇ ਦੋਸ਼ੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਦੋਵਾਂ ਨੂੰ ਘੇਰ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ ਤੇ ਜ਼ਖ਼ਮੀ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਹੈ। ਦੋਵੇਂ ਧਿਰਾਂ ਆਪਸ 'ਚ ਗੁਆਂਢੀ ਹਨ ਤੇ ਕੰਧ ਤੇ ਰਾਹ ਨੂੰ ਲੈ ਕੇ ਉਨ੍ਹਾਂ 'ਚ ਵਿਵਾਦ ਚੱਲ ਰਿਹਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।